ਗਲਾਸਗੋ, :- ਪਹਿਲੀ ਵਾਰ ਬ੍ਰਾਜ਼ੀਲ ਵਿੱਚ ਪਾਏ ਗਏ ਕੋਰੋਨਾ ਵਾਇਰਸ ਦੇ ਪਰਿਵਰਤਨਸ਼ੀਲ ਰੂਪ ਦੇ ਤਿੰਨ ਕੇਸ ਸਕਾਟਲੈਂਡ ਵਿੱਚ ਸਾਹਮਣੇ ਆਏ ਹਨ। ਸਕਾਟਲੈਂਡ ਦੀ ਸਰਕਾਰ ਨੇ ਇਸ ਸੰਬੰਧੀ ਐਤਵਾਰ ਸ਼ਾਮ ਨੂੰ ਖੁਲਾਸਾ ਕਰਦਿਆਂ ਦੱਸਿਆ ਕਿ ਦੇਸ਼ ਦੇ ਉੱਤਰ ਪੂਰਬ ਵਿੱਚ ਵਾਇਰਸ ਦੇ ਇਸ ਰੂਪ ਦੇ ਤਿੰਨ ਮਾਮਲਿਆਂ ਦੀ ਪਛਾਣ ਕੀਤੀ ਗਈ ਹੈ।
ਇਸ ਵਾਇਰਸ ਨਾਲ ਪੀੜਤ ਲੋਕਾਂ ਨੇ ਫਰਵਰੀ ਦੇ ਆਰੰਭ ਵਿੱਚ ਬ੍ਰਾਜ਼ੀਲ ਤੋਂ ਪੈਰਿਸ ਅਤੇ ਲੰਡਨ ਰਾਹੀਂ ਏਬਰਡੀਨ ਦੀ ਯਾਤਰਾ ਕੀਤੀ ਸੀ ਅਤੇ ਤਿੰਨੇ ਪੀੜਤਾਂ ਦਾ ਵਾਇਰਸ ਪ੍ਰਤੀ ਸਕਾਰਾਤਮਕ ਟੈਸਟ 10 ਦਿਨਾਂ ਦੇ ਇਕਾਂਤਵਾਸ ਦੌਰਾਨ ਹੋਇਆ। ਇਹਨਾਂ ਦੁਆਰਾ ਦਿੱਤੇ ਗਏ ਟੈਸਟਾਂ ਦੀ ਸਿਹਤ ਵਿਗਿਆਨੀਆਂ ਦੁਆਰਾ ਜਾਂਚ ਕਰਨ ਉਪਰੰਤ ਵਾਇਰਸ ਦੇ ‘ਬ੍ਰਾਜ਼ੀਲੀਅਨ ਰੂਪ’ ਦਾ ਪਤਾ ਲੱਗਿਆ। ਵਾਇਰਸ ਦੇ ਇਸ ਰੂਪ ਨੂੰ ਜਨਤਕ ਸਿਹਤ ਸਕਾਟਲੈਂਡ ਦੁਆਰਾ ਇੱਕ ਚਿੰਤਾ ਦਾ ਵਿਸ਼ਾ ਮੰਨਿਆ ਗਿਆ ਹੈ ਜਿਹਨਾਂ ਪ੍ਰਤੀ ਮੌਜੂਦਾ ਟੀਕੇ ਘੱਟ ਪ੍ਰਤੀਕਿਰਿਆ ਦੇ ਸਕਦੇ ਹਨ।
ਇਹ ਵੀ ਪੜੋ
ਇਸਦੇ ਇਲਾਵਾ ਇਹਨਾਂ ਤਿੰਨ ਮਾਮਲਿਆਂ ਦੇ ਨੇੜਲੇ ਸੰਪਰਕ ਐਨ ਐਚ ਐਸ ਸਕਾਟਲੈਂਡ ਦੇ ਟੈਸਟ ਐਂਡ ਪ੍ਰੋਟੈਕਟ ਦੁਆਰਾ ਪਛਾਣੇ ਗਏ ਦੱਸੇ ਜਾ ਰਹੇ ਹਨ। ਸਕਾਟਲੈਂਡ ਵਿੱਚ ਪਾਏ ਗਏ ਇਸ ਨਵੇਂ ਵਾਇਰਸ ਦੇ ਰੂਪ ਬਾਰੇ ਸਿਹਤ ਸਕੱਤਰ ਜੀਨ ਫ੍ਰੀਮੈਨ ਅਨੁਸਾਰ ਇਸ ਸੰਬੰਧੀ ਹਰ ਸੰਭਵ ਸਾਵਧਾਨੀ ਵਰਤੀ ਜਾ ਰਹੀ ਹੈ ਅਤੇ ਇਨ੍ਹਾਂ ਕੇਸਾਂ ਦੀ ਪਛਾਣ ਲਈ ਨਵੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ।