ਨਵੀਂ ਦਿੱਲੀ- ਸੋਨੇ ਦੀ ਕੀਮਤ 45 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਤੋਂ ਥੱਲ੍ਹੇ ਆ ਗਈ ਹੈ। ਅਮਰੀਕੀ ਬਾਂਡ ਯੀਲਡ ਵਧਣ ਵਿਚਕਾਰ ਗਲੋਬਲ ਬਹੁਮੁੱਲੀ ਧਾਤਾਂ ਦੀਆਂ ਕੀਮਤਾਂ ਟੁੱਟਣ ਮਗਰੋਂ ਭਾਰਤੀ ਬਾਜ਼ਾਰਾਂ ਵਿਚ ਵੀ ਵੀਰਵਾਰ ਨੂੰ ਸੋਨੇ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਨਾਲ ਸੋਨਾ ਆਪਣੇ ਸਰਵਉੱਚ ਪੱਧਰ ਤੋਂ ਲਗਭਗ 11,500 ਰੁਪਏ ਹੇਠਾਂ ਆ ਚੁੱਕਾ ਹੈ। ਐੱਮ. ਸੀ. ਐਕਸ. ‘ਤੇ ਵਾਇਦਾ ਸੋਨਾ 44,740 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਕਾਰੋਬਾਰ ਕਰ ਰਿਹਾ ਹੈ, ਜੋ ਪਿਛਲੇ ਸਾਲ ਅਕਤੂਬਰ ਵਿਚ 56,200 ਰੁਪਏ ‘ਤੇ ਪਹੁੰਚ ਗਿਆ ਸੀ। ਉੱਥੇ ਹੀ, ਚਾਂਦੀ ਪਿਛਲੇ ਦਿਨ ਦੇ ਬੰਦ ਪੱਧਰ ਤੋਂ 600 ਰੁਪਏ ਡਿੱਗ ਕੇ ਇਸ ਦੌਰਾਨ 67,400 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ।
ਗਲੋਬਲ ਪੱਧਰ ‘ਤੇ ਸੋਨੇ ਦੀ ਕੀਮਤ 10 ਡਾਲਰ ਘੱਟ ਕੇ 1,705 ਡਾਲ ਪ੍ਰਤੀ ਔਂਸ ‘ਤੇ ਆ ਗਈ, ਜਦੋਂ ਕਿ ਇਸ ਦੌਰਾਨ ਚਾਂਦੀ 1.5 ਫ਼ੀਸਦੀ ਦੀ ਗਿਰਾਵਟ ਨਾਲ 26 ਡਾਲਰ ਪ੍ਰਤੀ ਔਂਸ ‘ਤੇ ਕਾਰੋਬਰ ਕਰ ਰਹੀ ਸੀ। ਯੂ. ਐੱਸ. ਟ੍ਰੇਜ਼ਰੀ ਦਾ ਰਿਟਰਨ ਤਕਰੀਬਨ 1.5 ਫ਼ੀਸਦੀ ਦੇ ਨਜ਼ਦੀਕ ਪਹੁੰਚਣ ਨਾਲ ਨਿਵੇਸ਼ਕਾਂ ਦੇ ਇਸ ਵੱਲ ਰੁਖ਼ ਕਰਨ ਨਾਲ ਇਕੁਇਟੀ ਅਤੇ ਗੋਲਡ ਵਿਚ ਗਿਰਾਵਟ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ ਵਿਚ ਡਾਲਰ ਦੇ ਮਜਬੂਤ ਹੋਣ ਨਾਲ ਵੀ ਸੋਨੇ ‘ਤੇ ਦਬਾਅ ਵਧਿਆ ਹੈ। ਅਮਰੀਕਾ ਦੀ 10 ਸਾਲਾ ਬਾਂਡ ਯੀਲਡ ਮੰਗਲਵਾਰ ਨੂੰ ਲਗਭਗ 1.41 ਫ਼ੀਸਦੀ ਸੀ, ਜੋ ਬੁੱਧਵਾਰ ਨੂੰ 1.47 ਫ਼ੀਸਦੀ ਨੂੰ ਛੂਹ ਗਈ।