ਸੋਨੀਪਤ – ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ’ਤੇ ਕਿਸਾਨਾਂ ਨੇ ਸ਼ਨੀਵਾਰ ਕੁੰਡਲੀ-ਮਾਨੇਸਰ-ਪਲਵਲ (ਕੇ. ਐੱਮ. ਪੀ.) ਐਕਸਪ੍ਰੈੱਸ ਵੇ ਨੂੰ 5 ਘੰਟਿਆਂ ਲਈ ਪੂਰੀ ਤਰ੍ਹਾਂ ਸੀਲ ਕੀਤਾ। 4 ਸੂਬਿਆਂ ਨੂੰ ਜੋੜਨ ਵਾਲੇ ਕੇ. ਐੱਮ. ਪੀ. ਦੇ ਇਕ ਸਿਰੇ ’ਤੇ ਕਿਸਾਨਾਂ ਨੇ ਨਾ ਸਿਰਫ ਧਰਨਾ ਦਿੱਤਾ ਸਗੋਂ ਇਥੇ ਪੂਰਾ ਦਿਨ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਸਰਕਾਰ ਦਾ ਪੁਤਲਾ ਵੀ ਸਾੜਿਆ। ਐਕਸਪ੍ਰੈੱਸ ਵੇ ’ਤੇ ਲਗਭਗ 5000 ਕਿਸਾਨ ਪੁੱਜੇ ਹੋਏ ਸਨ। 200 ਤੋਂ ਵਧ ਟ੍ਰੈਕਟਰਾਂ ਨੂੰ ਵੀ ਲਿਆਂਦਾ ਗਿਆ ਸੀ। ਜਾਮ ਕਾਰਣ ਹਜ਼ਾਰਾਂ ਮੋਟਰ ਗੱਡੀਆਂ ਨੂੰ ਵਾਪਸ ਜਾਣਾ ਪਿਆ। ਲਗਭਗ 5 ਕਿਲੋਮੀਟਰ ਲੰਬਾ ਜਾਮ ਲੱਗਾ ਹੋਇਆ ਸੀ।

ਕੇ. ਐੱਮ. ਪੀ. ’ਤੇ ਜਾਮ ਲੱਗਣ ਦਾ ਅਸਰ ਜੀ. ਟੀ. ਰੋਡ ’ਤੇ ਵੀ ਪਿਆ। ਕਿਸਾਨਾਂ ਨੇ ਦਰਿਆਦਿਲੀ ਦਿਖਾਉਂਦੇ ਹੋਏ ਬੇਹੱਦ ਜ਼ਰੂਰੀ ਕੰਮਾਂ ਨੂੰ ਜਾਣ ਵਾਲੀਆਂ ਮੋਟਰ ਗੱਡੀਆਂ ਨੂੰ ਜਾਣ ਦਿੱਤਾ। ਅੰਦੋਲਨ ਦੌਰਾਨ ਕਈ ਵਾਰ ਟਕਰਾਅ ਵਾਲੀ ਹਾਲਤ ਪੈਦਾ ਹੋਈ ਪਰ ਅੰਦੋਲਨ ਦੀ ਅਗਵਾਈ ਕਰ ਰਹੇ ਮੋਰਚੇ ਦੇ ਆਗੂਆਂ ਨੇ ਸਥਿਤੀ ਨੂੰ ਸੰਭਾਲ ਲਿਆ। ਪੰਜਾਬ ਦੇ ਕਿਸਾਨਾਂ ਨੇ ਕਾਲੇ ਰੰਗ ਦੀਆਂ ਪੱਗੜੀਆਂ ਪਹਿਨੀਆਂ ਹੋਈਆਂ ਸਨ। ਹਰਿਆਣਾ ਦੇ ਕਿਸਾਨਾਂ ਨੇ ਤਿਰੰਗੇ ਦੇ ਨਾਲ-ਨਾਲ ਕਾਲੇ ਝੰਡੇ ਲਹਿਰਾ ਕੇ ਸਰਕਾਰ ਦਾ ਵਿਰੋਧ ਕੀਤਾ ਅਤੇ ਤਿੰਨ ਖੇਤੀਬਾੜੀ ਕਾਨੂੰਨ ਰੱਦ ਕਰਨ ਦੀ ਮੰਗ ਦੁਹਰਾਈ।

ਸਾਂਝੇ ਕਿਸਾਨ ਮੋਰਚੇ ਦੇ ਤੈਅ ਪ੍ਰੋਗਰਾਮ ਦੌਰਾਨ ਸ਼ਨੀਵਾਰ ਸਵੇਰੇ 10.30 ਵਜੇ ਕਿਸਾਨ ਵੱਖ-ਵੱਖ ਜਥਿਆਂ ਦੇ ਰੂਪ ਵਿਚ ਕੇ. ਐੱਮ. ਪੀ. ਵਿਖੇ ਪਹੁੰਚਣੇ ਸ਼ੁਰੂ ਹੋ ਗਏ। ਕੇ. ਐੱਮ. ਪੀ.-ਕੇ. ਜੀ. ਪੀ. ਦੇ ਗੋਲਚੱਕਰ ਦਰਮਿਆਨ ਪੁਲ ’ਤੇ ਕਿਸਾਨਾਂ ਨੇ ਠੀਕ 11 ਵਜੇ ਡੇਰਾ ਲਾ ਦਿੱਤਾ। ਇਸ ਕਾਰਣ ਗਾਜ਼ੀਆਬਾਦ ਵਲੋਂ ਆਉਣ ਵਾਲੀਆਂ ਮੋਟਰ ਗੱਡੀਆਂ ਦੀਆਂ ਕਤਾਰਾਂ ਲਗ ਗਈਆਂ। ਕੁਝ ਦੇਰ ਵਿਚ ਹੀ ਕੇ. ਐੱਮ. ਪੀ. ਵਿਖੇ ਲਗਭਗ 5000 ਕਿਸਾਨ ਜਮ੍ਹਾ ਹੋ ਗਏ ਅਤੇ ਉਥੇ ਉਨ੍ਹਾਂ ਇਕ ਆਰਜ਼ੀ ਸਟੇਜ ਤਿਆਰ ਕਰ ਲਈ। ਸਟੇਜ ਤੋਂ ਮੋਰਚੇ ਦੇ ਆਗੂਆਂ ਨੇ ਨੌਜਵਾਨਾਂ ਨੂੰ ਲਗਾਤਾਰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।

ਕਿਸਾਨ ਆਗੂਆਂ ਡਾ. ਦਰਸ਼ਨਪਾਲ, ਬਲਬੀਰ ਸਿੰਘ ਰਾਜੇਵਾਲ, ਬਲਦੇਵ ਸਿੰਘ ਸਿਰਸਾ, ਸੁਰਜੀਤ ਸਿੰਘ ਅਤੇ ਰਾਮ ਸਿੰਘ ਨੇ ਨੌਜਵਾਨਾਂ ਨੂੰ ਸੰਬੋਧਨ ਕੀਤਾ। ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਉਹ ਤਿੰਨੋਂ ਖੇਤੀਬਾੜੀ ਕਾਨੂੰਨ ਰੱਦ ਕਰਵਾਉਣ ਲਈ ਅੰਦੋਲਨ ਕਰ ਰਹੇ ਹਨ। ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੋਣਗੇ, ਉਹ ਇਥੋਂ ਨਹੀਂ ਜਾਣਗੇ। ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਇਹ ਨਾ ਸੋਚੇ ਕਿ ਕਿਸਾਨ ਥੱਕ ਹਾਰ ਕੇ ਵਾਪਸ ਚਲੇ ਜਾਣਗੇ। ਅੰਦੋਲਨ ਜਿੰਨਾ ਲੰਬਾ ਚੱਲੇਗਾ, ਕਿਸਾਨਾਂ ਦੇ ਇਰਾਦੇ ਓਨੇ ਹੀ ਮਜ਼ਬੂਤ ਹੋਣਗੇ।

Leave a Reply

Your email address will not be published. Required fields are marked *