ਚੰਡੀਗੜ੍ਹ – ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਅੱਜ ਪੰਜਾਬ ਵਿਧਾਨ ਸਭਾ ਵਿਚ ਕਾਂਗਰਸ ਸਰਕਾਰ ਦੇ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕਰ ਦਿੱਤਾ ਗਿਆ। ਇਸ ਬਜਟ ਵਿਚ ਜਿੱਥੇ 2022 ਚੋਣਾਂ ਦੀ ਝਲਕ ਸਾਫ ਨਜ਼ਰ ਆਈ ਅਤੇ ਲਗਭਗ ਹਰ ਵਰਗ ਦਾ ਖਿਆਲ ਰੱਖਿਆ ਗਿਆ, ਉਥੇ ਹੀ ਵਿੱਤ ਮੰਤਰੀ ਵਲੋਂ ਔਰਤਾਂ ਲਈ ਵੀ ਇਸ ਬਜਟ ਵਿਚ ਵੱਡੇ ਐਲਾਨ ਕੀਤੇ ਗਏ। ਵਿੱਤ ਮੰਤਰੀ ਨੇ ਸਦਨ ਵਿਚ ਐਲਾਨ ਕੀਤਾ ਕਿ ਪੰਜਾਬ ਸਰਕਾਰ ਬੀਬੀਆਂ ਲਈ ਆਸ਼ੀਰਵਾਦ ਸਕੀਮ ਜੋ ਕਿ ਪਹਿਲਾਂ 21 ਹਜ਼ਾਰ ਸੀ ਨੂੰ ਵਧਾ ਕੇ 51 ਹਜ਼ਾਰ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਸਰਕਾਰੀ ਬੱਸਾਂ ਵਿਚ ਔਰਤਾਂ ਮੁਫ਼ਤ ਸਫ਼ਰ ਕਰ ਸਕਣਗੀਆਂ। ਪ੍ਰੰਤੂ ਵਿੱਤ ਮੰਤਰੀ ਵਲੋਂ ਇਹ ਸਪੱਸਟ ਨਹੀਂ ਕੀਤਾ ਗਿਆ ਕਿ ਮੁਫਤ ਬੱਸ ਸਫਰ ਦੀ ਸਹੂਲਤ ਹਰ ਵਰਗ ਦੀ ਔਰਤ ਨੂੰ ਮਿਲੇਗੀ ਜਾਂ ਸਿਰਫ ਸੀਨੀਅਰ ਸਿਟੀਜਨ ਔਰਤਾਂ ਨੂੰ ਹੀ ਮਿਲੇਗੀ।
ਉੱਥੇ ਹੀ ਇਕ ਹੋਰ ਅਹਿਮ ਐਲਾਨ ਕਰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਦੇ 7 ਜ਼ਿਲ੍ਹਿਆਂ ‘ਚ ‘ਵਰਕਿੰਗ ਵੁਮੈੱਨ ਹੋਸਟਲ’ ਬਣਾਏ ਜਾਣਗੇ ਤਾਂ ਜੋ ਮਹਿਲਾਵਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ-ਪਰੇਸ਼ਾਨੀ ਨਾ ਆਵੇ।