– ਸੂਬਾ ਪ੍ਰਧਾਨ ਸਮੇਤ ਦੋ ਦਰਜਨ ਤੋਂ ਵੱਧ ਮੁਲਾਜ਼ਮਾਂ ‘ਤੇ ਕੇਸ ਦਰਜ
ਬਠਿੰਡਾ – ਬਠਿੰਡਾ ਪੁਲਿਸ ਨੇ ਆਲ ਪੰਜਾਬ ਆਂਗਣਵਾੜੀ ਯੂਨੀਅਨ ਦੀਆਂ ਦੋ ਦਰਜਨ ਤੋ ਵੱਧ ਆਂਗਣਵਾੜੀ ਆਗੂਆਂ ਖਿਲਾਫ ਸ਼ਿਕੰਜਾ ਕਸ ਦਿੱਤਾ ਹੈ ਜੋ ਬਜਟ ’ਚ ਆਪਣੀਆਂ ਮੰਗਾਂ ਅਣਗੌਲੀਆਂ ਕਰਨ ਨੂੰ ਲੈਕੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫਤਰ ਅੱਗੇ ਪੁਤਲਾ ਸਾੜਨ ਆਈਆਂ ਸਨ। ਸੂਤਰਾਂ ਅਨੁਸਾਰ ਥਾਣਾ ਕੋਤਵਾਲੀ ਪੁਲਿਸ ਨੇ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ, ਜਸਵੀਰ ਕੌਰ ਅਤੇ ਮਲਕੀਤ ਕੌਰ ਤੋਂ ਇਲਾਵਾ 20 ਤੋਂ 25 ਅਣਪਛਾਤੀਆਂ ਵਰਕਰਾਂ ਨੂੰ 283,34 ਸੈਕਸ਼ਨ 8 ਬੀ ਨੈਸ਼ਨਲ ਹਾਈਵੇਅ ਐਕਟ 1956 ਵਰਗੀਆਂ ਸੰਗੀਨ ਧਾਰਵਾਂ ਤਹਿਤ ਨਾਮਜਦ ਕੀਤਾ ਹੈ। ਐਫ ਆਈ ਆਰ ਅਨੁਸਾਰ ਇੰਨ੍ਹਾਂ ਮੁਲਜਮਾਂ ਨੇ 9 ਮਾਰਚ ਨੂੰ ਨੈਸ਼ਨਲ ਹਾਈਵੇਅ ਤੇ ਟਰੈਫਿਕ ਜਾਮ ਕਰ ਦਿੱਤਾ ਜਿਸ ਨਾਲ ਜਨਜੀਵਨ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਵੱਲੋਂ ਆਸ ਪਾਸ ਦੀ ਸੰਪਤੀ ਦਾ ਨੁਕਸਾਨ ਕੀਤਾ ਜਾ ਸਕਦਾ ਹੈ। ਐਫ ਆਈ ਆਰ ’ਚ ਦੱਸਿਆ ਹੈ ਕਿ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਆਪਣੀਆਂ ਮੰਗਾਂ ਨੂੰ ਅਣਗੌਲਿਆ ਕਰਨ ਤੇ ਆਲ ਪੰਜਾਬ ਆਂਗਣਵਾੜੀ ਯੂਨੀਅਨ ਨੇ ਵਰਕਰਾਂ ਤੇ ਹੈਲਪਰਾਂ ਨੂੰ ਵਿੱਤ ਮੰਤਰੀ ਦਫਤਰ ਅੱਗੇ ਪੁਤਲਾ ਸਾੜਨ ਦਾ ਸੱਦਾ ਦਿੱਤਾ ਸੀ। ਜਦੋਂ ਇਹ ਵਰਕਰਾਂ ਤੇ ਹੈਲਪਰਾਂ ਵਿੱਤ ਮੰਤਰੀ ਦਾ ਪੁਤਲਾ ਲੈਕੇ ਗੋਨਿਆਣਾ ਰੋਡ ਦਫਤਰ ਅੱਗੇ ਪੁੱਜੀਆਂ ਤਾਂ ਉਨ੍ਹਾਂ ਦੀਆਂ ਪੁਲਿਸ ਨਾਲ ਝੜਪਾਂ ਹੋ ਗਈਆਂ। ਆਂਗਣਵਾੜੀ ਮੁਲਾਜ਼ਮਾਂ ਨੇ ਦੋਸ਼ ਲਾਏ ਸਨ ਕਿ ਪੁਰਸ਼ ਪੁਲਿਸ ਕਰਮਚਾਰੀਆਂ ਨੇ ਉਨ੍ਹਾਂ ਨਾਲ ਧੱਕਾ ਮੁੱਕੀ ਕਰਦਿਆਂ ਬਦਸਲੂਕੀ ਅਤੇ ਜਿਸਮਾਨੀ ਛੇੜਛਾੜ ਕੀਤੀ ਹੈ। ਹਾਲਾਂਕਿ ਪੁਲਿਸ ਨੇ ਦੋਸ਼ਾਂ ਨੂੰ ਰੱਦ ਕੀਤਾ ਹੈ ਪਰ ਇਸ ਵਰਤਾਰੇ ਨੂੰ ਲੈਕੇ ਨਵਾਂ ਟਕਰਾਅ ਬਣ ਗਿਆ ਹੈ। ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਪੁਲਿਸ ਕਾਰਵਾਈ ਦੀ ਸਖਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਕਿਹਾ ਕਿ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ।
ਔਰਤਾਂ ਦੇ ਸਨਮਾਨ ਦੇ ਦਾਅਵੇ ਝੂਠੇ-ਹਰਗੋਬਿੰਦ
ਆਲ ਪੰਜਾਬ ਆਂਗਣਵਾੜੀ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦਾ ਕਹਿਣਾ ਸੀ ਕਿ ਬਠਿੰਡਾ ਪੁਲਿਸ ਨੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਤੇ ਜਬਰ ਕਰਕੇ ਐਸ ਐਸ ਪੀ ਬਠਿੰਡਾ ਦੇ ਉਸ ਬਿਆਨ ਨੂੰ ਕਟਹਿਰੇ ’ਚ ਖੜ੍ਹਾ ਕਰ ਦਿੱਤਾ ਹੈ ਜਿਸ ’ਚ ਉਨ੍ਹਾਂ ਔਰਤ ਸ਼ਕਤੀ ਨੂੰ ਸਿਜਦਾ ਕਰਨ ਦੀ ਗੱਲ ਆਖੀ ਸੀ। ਉਨ੍ਹਾਂ ਆਖਿਆ ਕਿ ਵਰਕਰਾਂ ਅਤੇ ਹੈਲਪਰਾਂ ਤਾਂ ਵਿੱਤ ਮੰਤਰਪੀ ਦਫਤਰ ਅੱਗੇ ਆਪਣਾ ਸ਼ਾਂਤਮਈ ਰੋਸ ਜਤਾਉਣ ਆਈਆਂ ਸਨ ਪਰ ਸਰਕਾਰ ਨੇ ਲੋਕਤੰਤਰ ਦੀ ਹੱਤਿਆ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਦੀਆਂ ਜਾਇਜ ਮੰਗਾਂ ਪੂਰੀਆਂ ਕਰੇ ਨਹੀਂ ਤਾਂ ਔਰਤ ਸ਼ਕਤੀ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਉਨ੍ਹਾਂ ਪੰਜਾਬ ਦੀਆਂ ਸਮੂਹ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਸਰਕਾਰ ਖਿਲਾਫ ਡਟਣ ਦਾ ਸੱਦਾ ਵੀ ਦਿੱਤਾ।