ਮਲੋਟ – ਇਕ ਪਾਸੇ ਦੇਸ਼ ’ਚ ਕੋਰੋਨਾ ਕੇਸਾਂ ਦੀ ਗਿਣਤੀ ਵਿਚ ਵਾਧੇ ਦੀਆਂ ਖਬਰਾਂ ਆ ਰਹੀਆਂ ਹਨ ਪਰ ਦੂਸਰੇ ਪਾਸੇ ਬੀਤੇ ਇਕ ਸਾਲ ਤੋਂ ਬੰਦ ਪਈਆਂ ਰੇਲਾਂ ਮੁੜ ਸ਼ੁਰੂ ਹੋਣ ਨਾਲ ਰੇਲ ਯਾਤਰੀਆਂ ਲਈ ਰਾਹਤ ਦੀ ਖਬਰ ਵੀ ਹੈ। ਨਾਰਦਨ ਰੇਲਵੇ ਨੇ 16 ਮਾਰਚ ਤੋਂ ਅੰਬਾਲਾ ਸ੍ਰੀ ਗੰਗਾਨਗਰ ਰੇਲ ਗੱਡੀ ਨੰਬਰ 04525/04526 (ਜੋ ਪਹਿਲਾਂ ਰੇਲ ਗੱਡੀ ਨੰਬਰ 14525/14526 ਸੀ) ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਇਹ ਸਪੈਸ਼ਲ ਐਕਸਪ੍ਰੈੱਸ ਰੇਲ ਗੱਡੀ ਅੰਬਾਲੇ ਤੋਂ ਸਵੇਰੇ 5:05 ਵਜੇ ਚੱਲੇਗੀ ਅਤੇ ਰਾਜਪੁਰਾ, ਪਟਿਆਲਾ, ਨਾਭਾ, ਤਪਾ, ਬਠਿੰਡਾ, ਗਿੱਦੜਬਾਹਾ ਤੋ ਮਲੋਟ ਰੇਲਵੇ ਸਟੇਸ਼ਨ ’ਤੇ ਸਵੇਰੇ 10:41 ਵਜੇ ਪਹੁੰਚਿਆਂ ਕਰੇਗੀ ਜਦ ਕਿ ਸ੍ਰੀ ਗੰਗਾਨਗਰ ਪਹੁੰਚਣ ਉਪਰੰਤ ਵਾਪਸੀ ਚੱਲਣ ਦਾ ਸਮਾਂ ਦੁਪਿਹਰ 2 ਵਜੇ ਹੋਵੇਗਾ। ਇਸ ਤਰ੍ਹਾਂ ਵਾਪਸ ਫਿਰ ਮਲੋਟ ਦੁਪਿਹਰ 3:10 ਵਜੇ ਪੁੱਜੇਗੀ। ਇਸ ਤੋਂ ਪਹਿਲਾਂ ਬੀਤੇ ਇਕ ਸਾਲ ਤੋਂ ਕੋਵਿਡ-19 ਕਾਰਨ ਰੇਲ ਯਾਤਰੀਆਂ ਨੂੰ ਇਸ ਰੇਲ ਸੇਵਾ ਤੋਂ ਵਾਂਝੇ ਰਹਿਣਾ ਪੈ ਰਿਹਾ ਸੀ। ਵਰਨਣਯੋਗ ਹੈ ਕਿ ਭਾਵੇਂ ਇਸ ਰੇਲ ਦੇ ਚੱਲਣ ਨਾਲ ਰੇਲ ’ਚ ਸਫਰ ਕਰਨ ਵਾਲਿਆਂ ਨੂੰ ਲਾਭ ਮਿਲੇਗਾ ਪਰ ਰੇਲਵੇ ਨੇ ਇਸ ਰੇਲ ਸੇਵਾ ਨੂੰ ਸਪੈਸ਼ਲ ਐਕਸਪ੍ਰੈਸ ਦਾ ਨਾਂਅ ਦੇ ਕੇ ਕਿਰਾਏ ਵਿਚ ਵੀ ਵਾਧਾ ਕੀਤਾ ਹੈ ਜੋ ਆਮ ਆਦਮੀ ਲਈ ਆਰਥਿਕ ਪੱਖੋਂ ਨੁਕਸਾਨ ਵਾਲਾ ਹੈ। ਇਸ ਸਪੈਸ਼ਲ ਰੇਲ ਰਾਹੀਂ ਸਫਰ ਕਰਨ ਵਾਲੇ ਸੀਨੀਅਰ ਸਿਟੀਜਨ ਨੂੰ ਵੀ ਕੋਈ ਛੋਟ ਨਹੀਂ ਮਿਲਦੀ। ਰੇਲ ਯਾਤਰੀਆਂ ਦੀ ਮੰਗ ਹੈ ਕਿ ਸਰਕਾਰ ਰੇਲ ਸੇਵਾਵਾਂ ਮੁੜ ਤੋਂ ਬਹਾਲ ਕਰਕੇ ਪਹਿਲਾਂ ਵਾਲਾ ਹੀ ਕਿਰਾਇਆ ਵਸੂਲ ਕਰੇ ਤਾਂ ਜੋ ਆਮ ਆਦਮੀ ਦੀ ਜੇਬ ’ਤੇ ਬੋਝ ਨਾ ਵਧੇ।