ਕੋਲਕਾਤਾ – ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ਵਿਧਾਨ ਸਭਾ ਦੀਆਂ ਚੋਣਾਂ ਲਈ ਬੁੱਧਵਾਰ ਵਿਕਾਸ ਪੱਖੀ ਮੈਨੀਫੈਸਟੋ ਜਾਰੀ ਕੀਤਾ। ਇਸ ਵਿਚ ਵਾਅਦਿਆਂ ਦੀ ਝੜੀ ਲਾਈ ਗਈ ਹੈ। 
ਮੈਨੀਫੈਸਟੋ ਵਿਚ ਹਰ ਸਾਲ 5 ਲੱਖ ਨੌਕਰੀਆਂ ਦੇਣ, ਸਭ ਪਰਿਵਾਰਾਂ ਲਈ ਆਮਦਨ ਯੋਜਨਾ, ਵਿਦਿਆਰਥੀਆਂ ਨੂੰ ਕ੍ਰੈਡਿਟ ਕਾਰਡ ਦੇਣ ਅਤੇ ਕਈ ਭਾਈਚਾਰਿਆਂ ਨੂੰ ਓ.ਬੀ.ਸੀ. ਵਿਚ ਸ਼ਾਮਲ ਕਰਨ ਲਈ ਇਕ ਟਾਸਕ ਫੋਰਸ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ।
ਸੂਬੇ ਵਿਚ ਤ੍ਰਿਣਮੂਲ ਕਾਂਗਰਸ ਦੇ ਰਾਜਕਾਲ ਦੌਰਾਨ ਗਰੀਬੀ 40 ਫੀਸਦੀ ਤੱਕ ਘੱਟਣ ਦਾ ਦਾਅਵਾ ਕਰਦੇ ਹੋਏ ਮੈਨੀਫੈਸਟੋ ਵਿਚ ਕਿਸਾਨਾਂ ਨੂੰ ਸਾਲਾਨਾ ਵਿੱਤੀ ਮਦਦ 6 ਹਜ਼ਾਰ ਰੁਪਏ ਤੋਂ ਵਧਾ ਕੇ 10 ਹਜ਼ਾਰ ਰੁਪਏ ਕਰਨ ਦਾ ਵਾਅਦਾ ਕੀਤਾ ਗਿਆ ਹੈ। 

ਮਮਤਾ ਨੇ ਕਿਹਾ ਕਿ ਪਹਿਲੀ ਵਾਰ ਬੰਗਾਲ ਵਿਚ ਹਰ ਪਰਿਵਾਰ ਨੂੰ ਘੱਟੋ-ਘੱਟ ਆਮਦਨ ਪ੍ਰਾਪਤ ਹੋਵੇਗੀ। ਇਸ ਅਧੀਨ 1.6 ਕਰੋੜ ਆਮ ਸ਼੍ਰੇਣੀ ਦੇ ਪਰਿਵਾਰਾਂ ਨੂੰ 500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਐੱਸ.ਸੀ. ਅਤੇ ਐੱਸ.ਟੀ. ਸ਼੍ਰੇਣੀ ਵਿਚ ਆਉਣ ਵਾਲੇ ਪਰਿਵਾਰਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਮਿਲੇਗਾ। ਇਹ ਰਕਮ ਸਿੱਧੀ ਪਰਿਵਾਰ ਦੀ ਮਹਿਲਾ ਮੁਖੀ ਦੇ ਬੈਂਕ ਖਾਤੇ ਵਿਚ ਭੇਜੀ ਜਾਵੇਗੀ। 10 ਲੱਖ ਰੁਪਏ ਦੀ ਕ੍ਰੈਡਿਟ ਹੱਦ ਨਾਲ ਵਿਦਿਆਰਥੀਆਂ ਲਈ ਇਕ ਨਵੀਂ ਕ੍ਰੈਡਿਟ ਕਾਰਡ ਯੋਜਨਾ ਲਿਆਂਦੀ ਜਾਏਗੀ। ਇਸ ‘ਤੇ ਉਨ੍ਹਾਂ ਨੂੰ ਸਿਰਫ 4 ਫੀਸਦੀ ਵਿਆਜ ਦੇਣਾ ਪਏਗਾ। ਅਗਲੇ 5 ਸਾਲਾਂ ਵਿਚ 10 ਲੱਖ ਸੂਖਮ, ਲਘੂ ਅਤੇ ਦਰਮਿਆਨੇ ਵਰਗ ਦੀਆਂ ਇਕਾਈਆਂ ਅਤੇ ਦੋ ਹਜ਼ਾਰ ਨਵੀਆਂ ਵੱਡੀਆਂ ਸਨਅੱਤੀ ਇਕਾਈਆਂ ਸਥਾਪਿਤ ਕੀਤੀਆਂ ਜਾਣਗੀਆਂ। 

ਤ੍ਰਿਣਮੂਲ ਕਾਂਗਰਸ ਦੀ ਮੁਖੀ ਨੇ ਕਿਹਾ ਕਿ ਮਹਿਸ਼ਿਆ, ਤੇਲੀ, ਤਾਮੁਲ ਅਤੇ ਸਾਹਾ ਵਰਗੀਆਂ ਸਭ ਜਾਤੀਆਂ ਨੂੰ ਹੋਰਨਾਂ ਪੱਛੜੇ ਵਰਗ (ਓ.ਬੀ.ਸੀ.) ਦਾ ਦਰਜਾ ਦਿਵਾਉਣ ਲਈ ਇਕ ਵਿਸ਼ੇਸ਼ ਟਾਸਕ ਫੋਰਸ ਗਠਿਤ ਕੀਤੀ ਜਾਏਗੀ। ਇਹ ਉਨ੍ਹਾਂ ਲਈ ਹੋਵੇਗਾ ਜਿਨ੍ਹਾਂ ਨੂੰ ਅੱਜੇ ਤੱਕ ਓ.ਬੀ.ਸੀ. ਵਜੋਂ ਮਾਨਤਾ ਨਹੀਂ ਮਿਲੀ ਹੈ। ਭਾਰਤ ਸਰਕਾਰ ਕੋਲੋਂ ਮਹਤੋ ਜਾਤੀ ਨੂੰ ਅਨੁਸੂਚਿਤ ਜਨਜਾਤੀਆਂ ਦਾ ਦਰਜਾ ਦੇਣ ਦੀ ਸਿਫਾਰਿਸ਼ ਕੀਤੀ ਜਾਵੇਗੀ। ਉੱਤਰੀ ਬੰਗਾਲ ਵਿਚ ਤਰਾਈ ਅਤੇ ਦੁਆਰ ਖੇਤਰ ਦੇ ਵਿਕਾਸ ਲਈ ਇਕ ਵਿਸ਼ੇਸ਼ ਵਿਕਾਸ ਬੋਰਡ ਦਾ ਗਠਨ ਕੀਤਾ ਜਾਵੇਗਾ।

ਝਾੜਗ੍ਰਾਮ ਜ਼ਿਲੇ ਦੇ ਗੋਪੀਬੱਲਭਪੁਰ ਵਿਖੇ ਇਕ ਚੋਣ ਰੈਲੀ ਵਿਚ ਬੋਲਦਿਆਂ ਮਮਤਾ ਨੇ ਦੋਸ਼ ਲਾਇਆ ਕਿ ਮੇਰੇ ਪੈਰ ਵਿਚ ਲੱਗੀ ਸੱਟ ਲਈ ਭਾਜਪਾ ਹੀ ਜ਼ਿੰਮੇਵਾਰ ਹੈ। ਭਾਜਪਾ ਵਾਲੇ ਮੈਨੂੰ ਘਰ ਵਿਚ ਹੀ ਰੱਖਣਾ ਚਾਹੁੰਦੇ ਸਨ ਤਾਂ ਜੋ ਮੈਂ ਚੋਣ ਪ੍ਰਚਾਰ ਲਈ ਕਿਤੇ ਵੀ ਨਾ ਜਾ ਸਕਾਂ। ਭਾਜਪਾ ਨੇ ਮੈਨੂੰ ਜ਼ਖਮੀ ਕੀਤਾ ਪਰ ਉਹ ਮੇਰੀ ਆਵਾਜ਼ ਨੂੰ ਨਹੀਂ ਦਬਾ ਸਕਦੀ। ਅਸੀਂ ਇਥੇ ਭਾਜਪਾ ਨੂੰ ਹਰਾਵਾਂਗੇ। 
ਮਮਤਾ ਨੇ ਲੋਕਾਂ ਨੂੰ ਭਾਜਪਾ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੇ ਭਾਜਪਾ ਨੂੰ ਜਿਤਾ ਦਿੱਤਾ ਗਿਆ ਤਾਂ ਉਹ ਆਪਣੇ ਧਰਮ ਦਾ ਪਾਲਨ ਵੀ ਨਹੀਂ ਕਰ ਸਕੇਗੀ। ਫਿਰ ਪੱਛਮੀ ਬੰਗਾਲ ਦੇ ਲੋਕ ਜੈ ਸੀਆ ਰਾਮ ਕਹਿਣ ਦੇ ਯੋਗ ਵੀ ਨਹੀਂ ਰਹਿਣਗੇ। ਲੋਕਾਂ ਨੂੰ ਜੈ ਸ਼੍ਰੀ ਰਾਮ ਦਾ ਨਾਅਰਾ ਹੀ ਲਾਉਣਾ ਪਵੇਗਾ। ਭਗਵਾਨ ਰਾਮ ਮਾਂ ਦੁਰਗਾ ਦੀ ਪੂਜਾ ਕਰਦੇ ਸਨ ਕਿਉਂਕਿ ਉਨ੍ਹਾਂ ਦੀ ਮਹਾਨਤਾ ਕਿਤੇ ਵੱਧ ਸੀ।

Leave a Reply

Your email address will not be published. Required fields are marked *