ਔਟਵਾ : ਤੇਜ਼ੀ ਨਾਲ ਫੈਲ ਰਹੀ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਟੈਸਟਿੰਗ ਤੇ ਵੈਕਸੀਨ ਟੀਕਾਕਰਨ ਦਾ ਕੰਮ ਵੀ ਲਗਭਗ ਸਾਰੇ ਮੁਲਕਾਂ ਵਿੱਚ ਚੱਲ ਰਿਹਾ ਹੈ। ਇਸੇ ਤਰ੍ਹਾਂ ਕੈਨੇਡਾ ਵਿੱਚ ਵੀ ਕੋਰੋਨਾ ਦੇ ਟੈਸਟ ਕੀਤੇ ਜਾ ਰਹੇ ਹਨ, ਪਰ ਹੁਣ ਹੈਲਥ ਕੈਨੇਡਾ ਨੇ ਇਸ ਦੇ ਲਈ ਇੱਕ ਵੱਖਰੀ ਪੁਲਾਂਘ ਪੁੱਟਦੇ ਹੋਏ ‘ਥੁੱਕ-ਆਧਾਰਤ ਕੋਰੋਨਾ ਟੈਸਟ’ ਨੂੰ ਪ੍ਰਵਾਨਗੀ ਦਿੱਤੀ ਹੈ। ਇਹ ਟੈਸਟ ਕਰਾਉਣਾ ਲੋਕਾਂ ਲਈ ਕਾਫ਼ੀ ਸੌਖਾ ਹੋਵੇਗਾ ਤੇ ਉਹ ਆਪਣੇ ਘਰਾਂ ਵਿੱਚ ਰਹਿ ਕੇ ਹੀ ਕੋਵਿਡ-19 ਦਾ ਟੈਸਟ ਕਰਵਾ ਸਕਣਗੇ।
‘ਪੀ23 ਲੈਬਜ਼’ ਵੱਲੋਂ ਬਣਾਇਆ ਗਿਆ ਇਹ ਟੈਸਟ ਆਪਣੀ ਤਰ੍ਹਾਂ ਦਾ ਪਹਿਲਾ ਟੈਸਟ ਹੈ, ਜਿਸ ਨੂੰ ਹੈਲਥ ਕੈਨੇਡਾ ਨੇ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਸ ਰਾਹੀਂ ਲੋਕ ਆਪਣੇ ਘਰ ’ਚ ਰਹਿ ਕੇ ਹੀ ਬਿਨ੍ਹਾਂ ਕਿਸੇ ਡਾਕਟਰ ਦੀ ਸਹਾਇਤਾ ਦੇ ਆਪਣੇ ਥੁੱਕ ਦਾ ਸੈਂਪਲ ਦੇ ਕੇ ਇਹ ਟੈਸਟ ਕਰਵਾ ਸਕਣਗੇ। ਇਸ ਨਾਲ ਉਨ੍ਹਾਂ ਦੇ ਸਮੇਂ ਤੇ ਖਰਚ ਦੀ ਬਚਤ ਹੋਵੇਗੀ।