ਸ੍ਰੀ ਮੁਕਤਸਰ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪਿੰਡ ਬਾਦਲ ਵਿਖੇ ਸਥਿਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਤੇ ਤਿੰਨ ਕਰਮਚਾਰੀ ਕੋਰੋਨਾ ਪਾਜ਼ੇਟਿਵ ਆਏ ਹਨ। ਇਸ ਉਪਰੰਤ ਅੱਜ ਸ. ਪ੍ਰਕਾਸ਼ ਸਿੰਘ ਬਾਦਲ ਦਿੱਲੀ ਲਈ ਰਵਾਨਾ ਹੋਏ। ਪ੍ਰਾਪਤ ਜਾਣਕਾਰੀ ਅਨੁਸਾਰ ਜੋ ਤਿੰਨ ਕਰਮਚਾਰੀ ਪਾਜ਼ੇਟਿਵ ਆਏ ਉਨ੍ਹਾਂ ’ਚੋਂ ਇਕ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਰਸੋਈਆ ਹੈ। ਪ੍ਰਕਾਸ਼ ਸਿੰਘ ਬਾਦਲ ਅੱਜ ਪਿੰਡ ਬਾਦਲ ਤੋਂ ਬਠਿੰਡਾ ਗਏ ਅਤੇ ਬਠਿੰਡਾ ਤੋਂ ਚਾਰਟਰਡ ਪਲੇਨ ਰਾਹੀਂ ਦਿਲੀ ਲਈ ਰਵਾਨਾ ਹੋਏ । ਦੱਸਿਆ ਜਾ ਰਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਫ਼ਿਲਹਾਲ ਦਿੱਲੀ ਆਪਣੀ ਰਿਹਾਇਸ਼ ’ਚ ਹੀ ਰਹਿਣਗੇ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਤੇ ਬੁੱਧਵਾਰ ਨੂੰ ਪਰਿਵਾਰ ਦੇ ਕਿਚਨ ਸਟਾਫ਼ ਦੇ ਤਿੰਨ ਮੈਂਬਰਾਂ ਦੀ ਕੋਰੋਨਾ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸੀਨੀਅਰ ਬਾਦਲ ਦੀ ਸਿਹਤ ਨੂੰ ਲੈ ਕੇ ਪਰਿਵਾਰ ਵਿਚ ਚਿੰਤਾਂ ਪਾਈ ਗਈ । ਜਾਣਕਾਰੀ ਅਨੁਸਾਰ ਕੱਲ ਸਿਹਤ ਵਿਭਾਗ ਨੇ ਬਾਦਲ ਦੀ ਰਿਹਾਇਸ਼ ਤੇ 60 ਦੇ ਕਰੀਬ ਸਟਾਫ਼ ਮੈਂਬਰਾਂ ਦੇ ਕੋਰੋਨਾ ਸਬੰਧੀ ਟੈਸਟ ਲੈਣ ਦੀ ਪੁਸ਼ਟੀ ਤਾਂ ਕਰ ਦਿੱਤੀ ਪਰ ਪ੍ਰਕਾਸ਼ ਸਿੰਘ ਬਾਦਲ ਬਾਰੇ ਕਹਿਣ ਤੋਂ ਇਨਕਾਰ ਕਰ ਦਿੱਤਾ। ਇਹ ਵੀ ਪਤਾ ਲੱਗਾ ਹੈ ਕਿ ਬਾਦਲ ਦੀ ਸਿਹਤ ਦੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਪੂਰਨ ਤੌਰ ਤੇ ਇਕਾਂਤਵਾਸ ਰਹਿਣ ਦੀ ਸਲਾਹ ਦਿੱਤੀ ਹੈ ਜਿਸ ਦਾ ਫੈਸਲਾ ਲੰਘੀ ਰਾਤ ਹੋ ਗਿਆ ਸੀ। ਇਸ ਲਈ ਅੱਜ ਬਾਦਲ ਦੁਪਿਹਰ ਬਾਅਦ ਦਿੱਲੀ ਰਵਾਨਾ ਹੋ ਗਏ ਹਨ ਅਤੇ ਉਹ ਖ਼ੁਦ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਮਿਲੇ ਸਫ਼ਦਰਜੰਗ ਰੋਡ ਸਥਿਤ ਬੰਗਲੇ ਵਿਚ ਇਕਾਂਤਵਾਸ ਰੱਖਣਗੇ। ਇਹ ਵੀ ਸਮਝਿਆ ਜਾ ਰਿਹਾ ਹੈ ਇਸ ਸਮੇਂ ਵਿਚ ਜੇਕਰ ਉਨ੍ਹਾਂ ਨੂੰ ਕਿਸੇ ਕਿਸਮ ਦੀ ਡਾਕਟਰੀ ਸਹੂਲਤ ਜਾਂ ਟੈਸਟਾਂ ਦੀ ਲੋੜ ਪਈ ਤਾਂ ਉਹ ਕਰਾਏ ਜਾ ਸਕਣਗੇ।

Leave a Reply

Your email address will not be published. Required fields are marked *