ਨਵੀਂ ਦਿੱਲੀ : ਦੇਸ਼ ‘ਚ ਵੀਰਵਾਰ ਨੂੰ ਕੋਰੋਨਾ ਇਨਫੈਕਸ਼ਨ 35,871 ਨਵੇਂ ਮਾਮਲੇ ਸਾਹਮਣੇ ਆਏ। ਗੰਭੀਰ ਚਿੰਤਾ ਦਾ ਕਾਰਨ ਮਹਾਰਾਸ਼ਟਰ ‘ਚ ਹੀ ਇਕੱਲੇ 16 ਹਜ਼ਾਰ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ। ਏਨੀ ਵੱਡੀ ਗਿਣਤੀ ‘ਚ ਨਵੇਂ ਮਾਮਲੇ 102 ਦਿਨ ਬਾਅਦ ਸਾਹਮਣੇ ਆਏ ਹਨ। ਇਨ੍ਹਾਂ ਮਾਮਲਿਆਂ ਨਾਲ ਹੁਣ ਤਕ ਇਨਫੈਕਟਿਡ ਹੋਣ ਵਾਲਿਆਂ ਦੀ ਗਿਣਤੀ ਵਧ ਕੇ 1,14,74,605 ਹੋ ਗਈ ਹੈ। ਇਨਫੈਕਸ਼ਨ ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਸਰਕਾਰ ਨੇ ਕੋਰੋਨਾ ਦੀ ਜਾਂਚ ਤੇ ਟੀਕਾਕਰਨ ਵਧਾਉਣ ‘ਤੇ ਜ਼ੋਰ ਦਿੱਤਾ ਹੈ।
ਦੇਸ਼ ‘ਚ ਇਸ ਸਮੇਂ ਸਰਗਰਮ ਮਾਮਲਿਆਂ ਦੀ ਗਿਣਤੀ 2,52,364 ਹੋ ਗਈ ਹੈ ਜੋ ਕੁਲ ਮਾਮਲਿਆਂ ਦਾ 2.20 ਫ਼ੀਸਦੀ ਹੈ। ਇਸ ਤਰ੍ਹਾਂ ਠੀਕ ਹੋਣ ਦੀ ਦਰ 96.41 ਫ਼ੀਸਦੀ ਤੇ ਮੌਤ ਦੀ ਦਰ 1.39 ਹੋ ਗਈ ਹੈ। ਹੁਣ ਤਕ 1,10,63,025 ਲੋਕ ਇਸ ਬਿਮਾਰੀ ਤੋਂ ਠੀਕ ਵੀ ਹੋ ਚੁੱਕੇ ਹਨ।
ਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਅਨੁਸਾਰ 24 ਘੰਟਿਆਂ ‘ਚ ਕੋਰੋਨਾ ਨਾਲ 172 ਲੋਕਾਂ ਦੀ ਮੌਤ ਨਾਲ ਹੁਣ ਤਕ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1,59,216 ਹੋ ਗਈ ਹੈ। ਕੋਰੋਨਾ ਨਾਲ ਜਿਨ੍ਹਾਂ 172 ਲੋਕਾਂ ਨੇ ਦਮ ਤੋੜਿਆ ਉਨ੍ਹਾਂ ਵਿਚੋਂ ਮਹਾਰਾਸ਼ਟਰ ‘ਚ 84, ਪੰਜਾਬ ਦੇ 35 ਤੇ ਕੇਰਲ ਦੇ 13 ਲੋਕ ਸ਼ਾਮਲ ਹਨ।
ਮਹਾਰਾਸ਼ਟਰ ‘ਚ ਹਾਲਾਤ ਵਿਗੜੇ
ਸਿਹਤ ਮੰਤਰਾਲੇ ਅਨੁਸਾਰ 24 ਘੰਟਿਆਂ ‘ਚ ਮਹਾਰਾਸ਼ਟਰ ‘ਚ 16,620 ਨਵੇਂ ਮਾਮਲੇ ਸਾਹਮਣੇ ਆਏ। ਇਸ ਤੋਂ ਬਾਅਦ ਕੇਰਲ ‘ਚ 1,792 ਤੇ ਪੰਜਾਬ ‘ਚ 1,492 ਨਵੇਂ ਮਾਮਲੇ ਸਾਹਮਣੇ ਆਏ। ਦੇਸ਼ ‘ਚ ਕੁਲ ਨਵੇਂ ਮਾਮਲਿਆਂ ‘ਚ 79.54 ਫ਼ੀਸਦੀ ਹਿੱਸੇਦਾਰੀ ਮਹਾਰਾਸ਼ਟਰ ਸਮੇਤ ਪੰਜ ਸੂਬਿਆਂ ਦੀ ਹੈ। ਉਥੇ ਰਾਜਸਥਾਨ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਅਸਾਮ ਸਮੇਤ 18 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਕੋਰੋਨਾ ਨਾਲ ਬੀਤੇ 24 ਘੰਟਿਆਂ ‘ਚ ਇਕ ਵੀ ਮੌਤ ਨਹੀਂ ਹੋਈ।
ਦੇਸ਼ ‘ਚ ਹੁਣ ਤਕ 23 ਕਰੋੜ ਨਮੂਨਿਆਂ ਦੀ ਜਾਂਚ
ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ‘ਚ ਹੁਣ ਤਕ 23 ਕਰੋੜ ਤੋਂ ਜ਼ਿਆਦਾ ਨਮੂਨਿਆਂ ਦੀ ਜਾਂਚ ਹੋ ਚੁੱਕੀ ਹੈ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਅਨੁਸਾਰ, 23,03,13,163 ਨਮੂਨਿਆਂ ਦਾ ਪ੍ਰਰੀਖਣ 17 ਮਾਰਚ ਤਕ ਕੀਤਾ ਗਿਆ, ਬੁੱਧਵਾਰ ਨੂੰ 10,63,379 ਦਾ ਪ੍ਰਰੀਖਣ ਕੀਤਾ ਗਿਆ ਸੀ। ਦੇਸ਼ ‘ਚ ਹਰੇਕ ਦਿਨ 10 ਲੱਖ ਦੀ ਆਬਾਦੀ ‘ਤੇ 140 ਤੋਂ ਜ਼ਿਆਦਾ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਦੇਸ਼ ‘ਚ ਵੈਕਸੀਨ ਲਾਉਣ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਛੇਤੀ ਹੀ ਚਾਰ ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਟੀਕਾ ਲਾਉਣ ਦਾ ਟੀਚਾ ਪੂਰਾ ਕਰ ਲਿਆ ਜਾਵੇਗਾ। ਵੀਰਵਾਰ ਸ਼ਾਮ ਸੱਤ ਵਜੇ ਤਕ 3,31,43,255 ਲੋਕਾਂ ਨੂੰ ਟੀਕਾ ਲਾਇਆ ਜਾ ਚੁੱਕਾ ਹੈ। ਇਨ੍ਹਾਂ ਵਿਚ 75,68,844 ਸਿਹਤ ਮੁਲਾਜ਼ਮਾਂ ਨੂੰ ਪਹਿਲਾ ਟੀਕਾ ਤੇ 46,32,940 ਨੂੰ ਦੂਜਾ ਟੀਕਾ ਲਾਇਆ ਗਿਆ ਹੈ। ਉਥੇ ਅਗਲੀ ਕਤਾਰ ਦੇ 77,16,084 ਮੁਲਾਜ਼ਮਾਂ ਨੂੰ ਪਹਿਲਾ ਟੀਕਾ ਤੇ 19,09,528 ਨੂੰ ਦੂਜਾ ਟੀਕਾ ਲਾਇਆ ਗਿਆ ਹੈ। ਟੀਕਾਕਰਨ ਦੇ 61ਵੇਂ ਦਿਨ (17 ਮਾਰਚ) 20 ਲੱਖ ਲੋਕਾਂ ਨੂੰ ਟੀਕਾ ਲਾਇਆ ਗਿਆ।
ਕੋਰੋਨਾ ਦੇ ਸਰੂਪਾਂ ਤੋਂ ਪੀੜਤ 400 ਮਰੀਜ਼ ਮਿਲੇ
ਸਿਹਤ ਮੰਤਰਾਲੇ ਅਨੁਸਾਰ ਬਰਤਾਨੀਆ, ਦੱਖਣੀ ਅਫ਼ਰੀਕਾ ਤੇ ਬ੍ਰਾਜ਼ੀਲ ‘ਚ ਪਾਏ ਗਏ ਕੋਰੋਨਾ ਦੇ ਨਵੇਂ ਮਿਊਟੈਂਟਜ਼ ਨਾਲ ਇਸ ਸਮੇਂ ਦੇਸ਼ ਦੇ 400 ਲੋਕ ਪੀੜਤ ਹਨ। ਚਾਰ ਮਾਰਚ ਨੂੰ ਇਨ੍ਹਾਂ ਮਿਊਟੈਂਟ ਨਾਲ 242 ਲੋਕ ਪੀੜਤ ਸਨ ਪਰ ਦੋ ਹਫ਼ਤਿਆਂ ‘ਚ ਇਹ ਗਿਣਤੀ ਵਧ ਕੇ 400 ਹੋ ਗਈ।
ਨਿਯਮਾਂ ਦੀ ਉਲੰਘਣਾ ਕਰਨ ‘ਤੇ ਰੈਸਟੋਰੈਂਟ ਖ਼ਿਲਾਫ਼ ਕਾਰਵਾਈ
ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੀ ਵਜ੍ਹਾ ਨਾਲ ਮੁੰਬਈ ਦੇ ਮਸ਼ਹੂਰ ਰੈਸਟੋਰੈਂਟ ਆਬਰ-ਜਿਨ ਪਲੇਟਜ਼ ਐਂਡ ਪੋਰ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਬਿ੍ਹਨਮੁੰਬਈ ਮਿਊਂਸੀਪਲ ਕਾਰਪੋਰੇਸ਼ਨ (ਬੀਐੱਮਸੀ) ਦੀ ਟੀਮ ਨੇ ਬੁੱਧਵਾਰ ਸ਼ਾਮ ਜਦੋਂ ਇਸ ਰੈਸਟੋਰੈਂਟ ‘ਤੇ ਛਾਪਾ ਮਾਰਿਆ ਤਾਂ ਕਈ ਲੋਕ ਬਿਨਾਂ ਮਾਸਕ ਦੇ ਮਿਲੇ। ਬਿਨਾਂ ਮਾਸਕ ਮਿਲੇ 245 ਲੋਕਾਂ ਤੋਂ 19,400 ਰੁਪਏ ਦਾ ਜੁਰਮਾਨਾ ਵਸੂਲਿਆ ਗਿਆ। ਬੀਐੱਮਸੀ ਦੀ ਕਾਰਵਾਈ ਤੋਂ ਬਾਅਦ ਪੁਲਿਸ ਨੇ ਵੀ ਐੱਫਆਈਆਰ ਦਰਜ ਕਰ ਲਈ।