ਬਠਿੰਡਾ : ਕੈਂਸਰ ਟਰੇਨ ਵਜੋਂ ਜਾਣੀ ਜਾਂਦੀ ਅਬੋਹਰ ਜੋਧਪੁਰ ਰੇਲ ਗੱਡੀ ਬੰਦ ਹੋਣ ਕਾਰਨ ਮਾਲਵਾ ਖੇਤਰ ਦੇ ਕੈਂਸਰ ਮਰੀਜ਼ਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਰੋਨਾ ਕਾਰਨ ਇਹ ਰੇਲ ਗੱਡੀ ਪਿਛਲੇ 11 ਮਹੀਨਿਆਂ ਤੋਂ ਬੰਦ ਹੈ, ਜਿਸ ਕਾਰਨ ਅਚਾਰੀਆ ਤੁਲਸੀ ਰਿਜਨਲ ਕੈਂਸਰ ਹਸਪਤਾਲ ਤੇ ਰਿਸਰਚ ਸੈਂਟਰ ਵਿਚ ਆਪਣਾ ਇਲਾਜ ਕਰਵਾ ਰਹੇ ਲੋਕਾਂ ਨੂੰ ਭਾਰੀ ਪੇ੍ਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਟਰੇਨ ਮਾਲਵਾ ਖੇਤਰ ਦੇ ਕੈਂਸਰ ਮਰੀਜ਼ਾਂ ਲਈ ਵੱਡੀ ਰਾਹਤ ਬਣੀ ਹੋਈ ਸੀ। ਇਸ ਰਾਹੀਂ ਮਾਲਵਾ ਖੇਤਰ ਦੇ ਬਠਿੰਡਾ, ਮਾਨਸਾ, ਫਰਦੀਕੋਟ, ਅਬੋਹਰ, ਫਾਜ਼ਲਿਕਾ, ਸ੍ਰੀ ਮੁਕਤਸਰ, ਸਾਹਿਬ, ਫਿਰੋਜ਼ਪੁਰ ਤੋਂ ਇਲਾਵਾ ਹਰਿਆਣਾ ਦੇ ਡੱਬਵਾਲੀ ਖੇਤਰ ਨਾਲ ਲੱਗਦੇ ਕੁੱਝ ਪਿੰਡਾਂ ਦੇ ਕੈਂਸਰ ਮਰੀਜ਼ ਆਪਣੇ ਇਲਾਜ ਲਈ ਬੀਕਾਨੇਰ ਪਹੁੰਚਦੇ ਸਨ।
ਹਰ ਰੋਜ਼ ਕਰੀਬ ਸਵਾ ਸੌ ਤੋਂ ਵਧੇਰੇ ਕੈਂਸਰ ਮਰੀਜ਼ ਤੇ ਕਰੀਬ ਸਵਾ ਦੋ ਸੌ ਦੇ ਕਰੀਬ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਫ਼ਰ ਕਰਕੇ ਬੀਕਾਨੇਰ ਜਾਂਦੇ ਸਨ। ਰੇਲਵੇ ਨੇ ਕੈਂਸਰ ਮਰੀਜ਼ਾਂ ਲਈ ਸਫ਼ਰ ਦੀ ਸਹੂਲਤ ਮੁਫ਼ਤ ਦਿੱਤੀ ਹੋਈ ਹੈ ਜਦੋਂਕਿ ਉਨ੍ਹਾਂ ਦੇ ਨਾਲ ਜਾਣ ਵਾਲੇ ਪਰਿਵਾਰਕ ਮੈਂਬਰਾਂ ਦਾ 75 ਫ਼ੀਸਦੀ ਕਿਰਾਇਆ ਵੀ ਮੁਫ਼ਤ ਕੀਤਾ ਹੋਇਆ ਹੈ। ਬੀਕਾਨੇਰ ਵਿਚ ਇਲਾਜ ਪੰਜਾਬ ਨਾਲੋਂ ਸਸਤਾ ਹੋਣ ਕਾਰਨ ਬਹੁਤੇ ਸਾਰੇ ਮਰੀਜ਼ ਆਪਣਾ ਇਲਾਜ ਉਥੋਂ ਦੇ ਕਰਵਾ ਰਹੇ ਹਨ।
ਭਾਵੇਂ ਬਠਿੰਡਾ ‘ਚ ਐਡਵਾਂਸ ਕੈਂਸਰ ਇੰਸਟੀਚਿਊਟ ਖੁੱਲ ਗਿਆ ਹੈ, ਪਰ ਫਿਰ ਵੀ ਲੋਕਾਂ ਨੇ ਬੀਕਾਨੇਰ ਜਾਣਾ ਘੱਟ ਨਹੀਂ ਕੀਤਾ ਸੀ। ਮਜਬੂਰੀ ਵੱਸ ਹੁਣ ਇਨਾਂ ਮਰੀਜ਼ਾਂ ਨੂੰ ਬਠਿੰਡਾ ਅਤੇ ਫਰੀਦਕੋਟ ਮੈਡੀਕਲ ਕਾਲਜ਼ ਵਿਚ ਇਲਾਜ ਕਰਵਾਉਣਾ ਪੈ ਰਿਹਾ ਹੈ। ਕੈਂਸਰ ਦੇ ਮਰੀਜ਼ਾਂ ਦਾ ਕਹਿਣਾ ਸੀ ਬਠਿੰਡਾ ਦੇ ਕੈਂਸਰਜ ਹਸਪਤਾਲ ਵਿਚ ਮਾਹਰ ਡਾਕਟਰ ਨਹੀਂ ਹਨ। ਦੂਜਾ ਬੀਕਾਨੇਰ ਦੇ ਮੁਕਾਬਲੇ ਇੱਥੇ ਇਲਾਜ ਮਹਿੰਗਾ ਹੈ।
ਮਹਿਣਾ ਪਿੰਡ ਦੀ ਜਸਬੀਰ ਕੌਰ ਅਤੇ ਮੌੜ ਦੀ ਅੰਗਰੇਜ਼ ਕੌਰ ਛਾਤੀ ਦੇ ਕੈਂਸਰ ਤੋਂ ਪੀੜਤ ਹਨ ਅਤੇ ਉਨ੍ਹਾਂ ਦਾ ਇਲਾਜ ਬੀਕਾਨੇਰ ਤੋਂ ਚੱਲ ਰਿਹਾ ਸੀ। ਪਰ ਲਾਕਡਾਊਨ ਦੇ ਕਾਰਨ ਉਨਾਂ ਨੂੰ ਆਪਣੀ ਸਰਜਰੀ ਬਠਿੰਡਾ ਦੇ ਐਡਵਾਂਸ ਕੈਂਸਰ ਇੰਸਟੀਚਿਊਟ ਤੋਂ ਕਰਵਾਉਣੀ ਪਈ।
ਜ਼ਿਲ੍ਹੇ ਦੇ ਇਕ ਹੋਰ ਮਰੀਜ਼ ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਨੂੰ ਗਲ਼ੇ ਦਾ ਕੈਂਸਰ ਸੀ, ਇਲਾਜ ਬੀਕਾਨੇਰ ਦੇ ਹਸਪਤਾਲ ਤੋਂ ਕਰਵਾਇਆ ਗਿਆ ਸੀ, ਹੁਣ ਹਰ ਤਿੰਨ ਮਹੀਨੇ ਬਾਅਦ ਆਪਣਾ ਜਾਂਚ ਕਰਵਾਉਣ ਲਈ ਬੀਕਾਨੇਰ ਜਾਣਾ ਪੈਂਦਾ ਹੈ, ਪਰ ਬੀਕਾਨੇਰ ਵਾਲੀ ਰੇਲ ਗੱਡੀ ਬੰਦ ਹੋਣ ਕਾਰਨ ਉਹ ਜਾਂਚ ਕਰਵਾਉਣ ਲਈ ਨਹੀਂ ਜਾ ਸਕਿਆ। ਜਿਹੜੇ ਮਰੀਜ਼ ਬੀਕਾਨੇਰ ਤੋਂ ਕੀਮੋਥੈਰੇਪੀ ਕਰਵਾ ਰਹੇ ਸਨ, ਉਹ ਸਭ ਤੋਂ ਜਿਆਦਾ ਪ੍ਰਭਾਵਿਤ ਹੋਏ ਹਨ ਕਿਉਂਕਿ ਕੀਮੋਥੈਰੇਪੀ ਦੇ 6 ਚੱਕਰ ਸਮੇਂ ਦੇ ਅੰਦਰ ਪੂਰੇ ਕਰਨੇ ਹੁੰਦੇ ਹਨ।
ਰੇਲਵੇ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਕੋਰੋਨਾ ਦੇ ਚੱਲਿਦਆਂ ਲਾਕ ਡਾਊਨ ਕਾਰਨ ਕੁੱਝ ਟਰੇਨਾਂ ਬੰਦ ਕੀਤੀਆਂ ਗਈਆਂ ਸਨ ਜਿਨ੍ਹਾਂ ਵਿਚ ਅਬੋਹਰ ਜੋਧਪੁਰ ਟਰੇਨ ਵੀ ਸ਼ਾਮਲ ਸੀ। ਉੱਚ ਅਧਿਕਾਰੀਆਂ ਦੇ ਆਦੇਸ਼ਾਂ ਤੋਂ ਬਾਅਦ ਇਹ ਰੇਲ ਗੱਡੀ ਚਾਲੂ ਕੀਤੀ ਜਾਵੇਗੀ।
ਬਠਿੰਡਾ ਦੇ ਐਂਡਵਾਂਸਡ ਕੈਂਸਰ ਸੈਂਟਰ ਦੇ ਡਾਇਰੈਕਟਰ ਡਾ. ਦੀਪਕ ਅਰੋੜਾ ਦਾ ਕਹਿਣਾ ਸੀ ਕਿ ਕੁੱਝ ਸਮੇਂ ਤੋਂ ਹਸਪਤਾਲ ਵਿਚ ਕੈਂਸਰ ਮਰੀਜ਼ਾਂ ਦੀ ਗਿਣਤੀ ਵਧੀ ਹੈ। ਹੁਣ ਹਰ ਰੋਜ਼ 200 ਮਰੀਜ਼ਾਂ ਦੀ ਓਪੀਡੀ ਹੋ ਰਹੀ ਹੈ।