ਚੰਡੀਗੜ੍ਹ : ਸੂਬੇ ਵਿਚ ਕੋਰੋਨਾ ਮਹਾਮਾਰੀ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਿਰ ਸਖ਼ਤ ਚੁੱਕੇ ਹਨ। ਪੰਜਾਬ ਸਰਕਾਰ ਵਲੋਂ ਸੂਬੇ ਦੇ ਸਾਰੇ ਸਿੱਖਿਅਕ ਅਦਾਰੇ 31 ਮਾਰਚ ਤਕ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਹ ਫ਼ੈਸਲਾ ਕੋਵਿਡ ਰੀਵਿਊ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ। ਇਸ ਦੇ ਨਾਲ ਹੀ ਸਿਨੇਮਾ ਹਾਲ ਵਿਚ ਸਮਰੱਥਾ ਦੇ 50 ਫ਼ੀਸਦ ਲੋਕ ਆ ਸਕਣਗੇ। ਇਸੇ ਤਰ੍ਹਾਂ ਮਾਲਜ਼ ਵਿਚ ਵੀ ਸਿਰਫ਼ 100 ਵਿਅਕਤੀ ਹੀ ਇਕ ਸਮੇਂ ਅੰਦਰ ਆ ਸਕਣਗੇ।ਇਸੇ ਤਰ੍ਹਾਂ ਮੈਡੀਕਲ ਅਤੇ ਨਰਸਿੰਗ ਕਾਲਜਾਂ ਤੋਂ ਇਲਾਵਾ ਸਾਰੇ ਵਿਦਿਅਕ ਅਦਾਰੇ 31 ਮਾਰਚ ਤਕ ਬੰਦ ਰਹਿਣਗੇ।

ਉਨ੍ਹਾਂ ਨੇ ਲੋਕਾਂ ਨੂੰ ਘੱਟੋ-ਘੱਟ ਅਗਲੇ ਦੋ ਹਫ਼ਤਿਆਂ ਤੱਕ ਸਮਾਜਿਕ ਗਤੀਵਿਧੀ ਆਪਣੇ ਘਰਾਂ ਤੱਕ ਸੀਮਿਤ ਰੱਖਣ ਦੀ ਅਪੀਲ ਕੀਤੀ ਤਾਂ ਕਿ ਕੋਵਿਡ ਦੇ ਫੈਲਾਅ ਦੀ ਲੜੀ ਨੂੰ ਤੋੜਿਆ ਜਾ ਸਕੇ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਘਰਾਂ ਵਿਚ 10 ਤੋਂ ਵੱਧ ਮਹਿਮਾਨ ਨਹੀਂ ਆਉਣ ਦੇਣੇ ਚਾਹੀਦੇ। ਸੂਬੇ ਦੇ ਵੱਧ ਪ੍ਰਭਾਵਿਤ 11 ਜ਼ਿਲ੍ਹਿਆਂ ਵਿਚ ਅੰਤਿਮ ਸਸਕਾਰ/ਵਿਆਹ-ਸ਼ਾਦੀਆਂ ਨੂੰ ਛੱਡ ਕੇ ਹੋਰ ਸਾਰੇ ਸਮਾਜਿਕ ਇਕੱਠਾਂ ਅਤੇ ਸਬੰਧਤ ਸਮਾਗਮਾਂ ‘ਤੇ ਮੁਕੰਮਲ ਰੋਕ ਲਾਉਣ ਦੇ ਹੁਕਮ ਦਿੱਤੇ ਹਨ। ਅੰਤਿਮ ਸੰਸਕਾਰ/ਵਿਆਹ-ਸ਼ਾਦੀਆਂ ਵਿਚ ਸਿਰਫ 20 ਵਿਅਕਤੀਆਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਹੋਵੇਗੀ।

ਮੁੱਖ ਮੰਤਰੀ ਨੇ ਹੁਕਮ ਦਿੱਤੇ ਕਿ ਇਨ੍ਹਾਂ ਜ਼ਿਲ੍ਹਿਆਂ, ਜਿਨ੍ਹਾਂ ਵਿਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਰਹੇਗਾ, ਐਤਵਾਰ ਨੂੰ ਸਿਨੇਮੇ, ਮਲਟੀਪੈਕਸ, ਰੈਸਟੋਰੈਂਟ, ਮਾਲਜ਼ ਆਦਿ ਵੀ ਬੰਦ ਰਹਿਣਗੇ ਜਦਕਿ ਰਾਤ ਦੇ ਕਰਫਿਊ ਦੇ ਕਰਕੇ ਹੋਮ ਡਲਿਵਰੀ ਦੀ ਆਗਿਆ ਹੋਵੇਗੀ। ਮੁੱਖ ਮੰਤਰੀ ਨੇ ਇਨ੍ਹਾਂ ਜ਼ਿਲ੍ਹਿਆਂ ਦੇ ਸਿਵਲ ਤੇ ਪੁਲਸ ਦੇ ਸਿਖਰਲੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਉਦਯੋਗਿਕ ਅਤੇ ਜ਼ਰੂਰੀ ਸੇਵਾਵਾਂ ਜਾਰੀ ਰੱਖਣ ਦੀ ਇਜਾਜ਼ਤ ਹੋਵੇਗੀ ਪਰ ਇਨ੍ਹਾਂ ਨੂੰ ਛੱਡ ਕੇ ਬਾਕੀ ਸਾਰੀਆਂ ਬੰਦਿਸ਼ਾਂ ਦੀ ਪਾਲਣਾ ਸਖ਼ਤੀ ਨਾਲ ਲਾਗੂ ਕੀਤੀਆਂ ਜਾਣ।

Leave a Reply

Your email address will not be published. Required fields are marked *