ਇਟਲੀ: ਸਕੂਲ ਬੰਦ ਰਹਿਣ ਦੇ ਰੋਸ ਵਜੋਂ ਅਧਿਆਪਕ ਤੇ ਵਿਦਿਆਰਥੀ ਨੇ ਸਿੱਖਿਆ ਮੰਤਰੀ ਵਿਰੁੱਧ ਕੀਤੀ ਨਾਅਰੇਬਾਜ਼ੀ

ਰੋਮ/ਇਟਲੀ – ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਦੇ ਆਰਥਿਕ ਢਾਂਚੇ ਨੂੰ ਤਹਿਸ-ਨਹਿਸ ਕਰਕੇ ਰੱਖ ਦਿੱਤਾ ਹੈ। ਜੇਕਰ ਇਟਲੀ ਦੀ ਗੱਲ ਕਰੀਏ ਤਾਂ ਇਟਲੀ ਵਿੱਚ ਹੁਣ ਤੱਕ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋ ਚੁੱਕਾ ਹੈ। ਕੋਰੋਨਾ ਕਾਰਨ ਜਿੱਥੇ ਲੋਕਾਂ ਦੇ ਕੰਮਾਂ ਦਾ ਉਜਾੜਾ ਹੋਇਆ ਹੈ, ਉੱਥੇ ਹੀ ਇਸ ਦੇ ਨਾਲ-ਨਾਲ ਸਿੱਖਿਆ ਦੇ ਖੇਤਰ ਨੂੰ ਵੀ ਕੋਰੋਨਾ ਮਹਾਮਾਰੀ ਨੇ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਇਟਲੀ ਵਿੱਚ ਪਿਛਲੇ ਸਾਲ ਤੋਂ ਹੀ ਸਕੂਲ ਅਤੇ ਕਾਲਜ ਬੰਦ ਹਨ। ਭਾਵੇਂ ਹੀ ਤਾਲਾਬੰਦੀ ਖ਼ਤਮ ਹੋਣ ਤੋਂ ਬਾਅਦ ਸਿੱਖਿਆ ਸੰਸਥਾਵਾਂ ਨੂੰ ਖੋਲ ਦਿੱਤਾ ਗਿਆ ਪਰ ਬੀਤੇ ਦਿਨੀਂ ਇਟਲੀ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਦੇ ਮੱਦੇਨਜ਼ਰ ਸਿੱਖਿਆ ਸੰਸਥਾਵਾਂ ਨੂੰ ਮੁੜ ਤੋਂ ਬੰਦ ਕਰ ਦਿੱਤਾ ਗਿਆ ਹੈ।ਇਟਲੀ ਸਰਕਾਰ ਨੇ ਆਦੇਸ਼ ਦਿੱਤਾ ਹੈ ਕਿ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾਵੇ ਪਰ ਇਸ ਕਾਰਵਾਈ ਕਾਰਨ ਬੱਚਿਆਂ ਦੀ ਪੜ੍ਹਾਈ ਉਸ ਤਰਤੀਬ ਨਾਲ ਨਹੀਂ ਹੋ ਪਾ ਰਹੀ, ਜਿਵੇਂ ਪਹਿਲਾਂ ਨਿਰੰਤਰ ਕਲਾਸਾਂ ਲਗਾ ਕੇ ਹੁੰਦੀ ਸੀ, ਜਿਸ ਕਾਰਨ ਬੀਤੇ ਦਿਨਾਂ ਤੋਂ ਇਟਲੀ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਸਰਕਾਰ ਦੇ ਸਕੂਲਾਂ ਨੂੰ ਬੰਦ ਕਰਨ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਹੋ ਰਿਹਾ ਹੈ। ਹਾਲ ਹੀ ਵਿੱਚ ਰਾਜਧਾਨੀ ਰੋਮ ਅਤੇ ਮਿਲਾਨ ਦੀਆਂ ਸੜਕਾਂ ‘ਤੇ ਆ ਕੇ ਨੰਨ੍ਹੇ ਵਿੱਦਿਆਰਥੀਆਂ ਅਤੇ ਅਧਿਆਪਕਾਂ ਨੇ ਸਰਕਾਰ ਅਤੇ ਸਿੱਖਿਆ ਮੰਤਰੀ ਪਤਰੀਸੀਓ ਬਿਆਂਕੀ ਵਿਰੁੱਧ ਨਾਅਰੇਬਾਜ਼ੀ ਕੀਤੀ।

Leave a Reply

Your email address will not be published. Required fields are marked *