ਰਾਮਪੁਰਾ ਪੁਲਿਸ ਦੀ ਸਖ਼ਤੀ, ਬਿਨਾਂ ਮਾਸਕ ਵਾਲ਼ਿਆਂ ਦੇ ਕੀਤੇ ਕੋਰੋਨਾ ਟੈਸਟ ਅਤੇ ਕੱਟੇ ਚਲਾਨ
ਰਾਮਪੁਰਾ ਫੂਲ- (ਜਸਵੀਰ ਔਲਖ): ਪੁਲਿਸ ਵੱਲੋਂ ਅੱਜ ਨਿਵੇਕਲੀ ਪਹਿਲ ਕਦਮੀ ਕਰਦਿਆਂ ਕੋਵਿਡ -19 ਦੇ ਵੱਧਦੇ ਖ਼ਤਰੇ ਨੂੰ ਦੇਖਦਿਆਂ ਪੁਲਸ ਥਾਣਾ ਸਿਟੀ ਰਾਮਪੁਰਾ ਦੇ ਮੁਖੀ ਅਮਨਪਾਲ ਸਿੰਘ ਵਿਰਕ ਅਤੇ ਉਨ੍ਹਾਂ ਦੀ ਟੀਮ ਵੱਲੋਂ ਮੋੜ ਚੌਕ ’ਚ ਬਿਨਾ ਮਾਸਕ ਆਉਣ ਵਾਲੇ ਵਿਅਕਤੀਆਂ ਅਤੇ ਵਿਦਿਆਰਥੀਆਂ ਦੇ ਕੋਰੋਨਾ ਟੈਸਟ ਕਰਵਾਉਣ ਲਈ ਸੈਂਪਲ ਲਏ ਗਏ ।
ਐੱਸ. ਐੱਚ. ਓ. ਰਾਮਪੁਰਾ ਨੇ ਦੱਸਿਆ ਕਿ ਸ਼ਹਿਰ ਵਿੱਚ ਬਿਨਾਂ ਮਾਸਕ ਤੋਂ ਘੁੰਮ ਰਹੇ ਆਮ ਲੋਕਾਂ ਨੂੰ ਜਿੱਥੇ ਮਾਸਕ ਵੰਡੇ ਗਏ ਅਤੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲ਼ਿਆਂ ਦੇ ਚਲਾਨ ਵੀ ਕੱਟੇ ਗਏ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਦੇ ਵਧ ਰਹੇ ਪ੍ਰਭਾਵ ਨਾਲ ਨਜਿੱਠਣ ਲਈ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦਿਆਂ ਸਮਾਜਿਕ ਦੂਰੀ ਅਤੇ ਮਾਸਕ ਨੂੰ ਪਹਿਨਣਾ ਜ਼ਰੂਰੀ ਹੈ।
ਉਨ੍ਹਾਂ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਿਨਾਂ ਮਾਸਕ ਘੁੰਮਣ ਵਾਲੇ ਵਿਅਕਤੀਆਂ ਦੇ ਚਲਾਨ ਸੜਕਾਂ ’ਤੇ ਬਿਨਾਂ ਕੰਮਾਂ ਤੋਂ ਘੁੰਮਣ ਵਾਲਿਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਇਸ ਮੌਕੇ ਸਿਵਲ ਹਸਪਤਾਲ ਰਾਮਪੁਰਾ ਫੂਲ ਦੀ ਟੀਮ ਅਤੇ ਟ੍ਰੈਫਿਕ ਪੁਲਿਸ ਦੇ ਅਧਿਕਾਰੀ/ਕਰਮਚਾਰੀ ਮੌਜੂਦ ਰਹੇ।