ਲਹਿਰਾ ਮੁਹੱਬਤ(ਜਸਵੀਰ ਔਲਖ)-ਬਾਬਾ ਮੋਨੀ ਜੀ ਗਰੁੱਪ ਆਫ਼ ਕਾਲਜਿਜ਼ ਲਹਿਰਾ ਮੁਹੱਬਤ ਵਿਖੇ ਖੂਨ ਦਾਨ ਕੈਂਪ ਲਗਾਇਆ ਗਿਆ | ਕੈਂਪ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਕਾਲਜ ਦੇ ਡਾਇਰੈਕਟਰ ਕੇਸਰ ਸਿੰਘ ਧਲੇਵਾਂ ਨੇ ਖ਼ੂਨਦਾਨੀਆਂ ਨੂੰ ਅਸ਼ੀਰਵਾਦ ਦੇਣ ਉਪਰੰਤ ਕਿਹਾ ਕਿ ਇਹ ਸੰਸਥਾ ਸ਼ੁਰੂ ਤੋਂ ਹੀ ਸਮਾਜ ਸੇਵੀ ਕੰਮਾਂ ਵਿਚ ਹਿੱਸਾ ਲੈਂਦੀ ਰਹੀ ਹੈ ਅਤੇ ਅੱਗੇ ਤੋਂ ਵੀ ਅਜਿਹੇ ਕਾਰਜਾਂ ਵਿਚ ਹਿੱਸਾ ਲੈਂਦੀ ਰਹੇਗੀ | ਕੈਂਪ ਵਿਚ ਸ੍ਰੀ ਗੁਰੂ ਨਾਨਕ ਦੇਵ ਐਮਰਜੈਂਸੀ ਬਲੱਡ ਸੇਵਾ ਰਾਮਪੁਰਾ ਦੇ ਡਾਇਰੈਕਟਰ ਮੋਹਿਤ ਭੰਡਾਰੀ ਅਤੇ ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਬਰਮਾ ਦੀ ਅਗਵਾਈ ਵਿਚ ਪਹੁੰਚੀ ਟੀਮ ਨੇ ਖੂਨ ਇਕੱਤਰ ਕਰਨ ਦਾ ਕਾਰਜ ਨਿਭਾਇਆ | ਕੈਂਪ ਵਿਚ ਪਹੁੰਚੇ ਉੱਘੇ ਖ਼ੂਨਦਾਨੀ ਪ੍ਰੀਤਮ ਸਿੰਘ ਆਰਟਿਸਟ ਨੇ ਵੀ ਖ਼ੂਨਦਾਨੀਆਂ ਦੀ ਹੌਸਲਾ ਅਫ਼ਜਾਈ ਕੀਤੀ | ਕੈਂਪ ਦੌਰਾਨ ਡਿਗਰੀ, ਐਜੂਕੇਸ਼ਨ ਅਤੇ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਦੇ ਨਾਲ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਵੱਲੋਂ 55 ਯੂਨਿਟ ਖੂਨ ਦਾਨ ਕੀਤਾ ਗਿਆ | ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਲਖਵੀਰ ਸਿੰਘ ਸਿੱਧੂ ਨੇ ਖ਼ੂਨਦਾਨ ਨੂੰ ਸਭ ਤੋਂ ਉੱਤਮ ਦਾਨ ਦੱਸਦੇ ਹੋਏ ਕਿਹਾ ਕਿ ਇਹ ਸਭ ਤੋਂ ਵੱਡੀ ਸਮਾਜ ਸੇਵਾ ਹੈ ਅਤੇ ਸਮੇਂ ਦੇ ਮੁਤਾਬਿਕ ਖੂਨ ਦਾਨ ਕਰਨ ਵਾਲੇ ਇਨਸਾਨ ਦੇ ਸਰੀਰ ਉੱਪਰ ਕੋਈ ਵੀ ਮਾੜਾ ਅਸਰ ਨਹੀਂ ਹੁੰਦਾ, ਪ੍ਰੰਤੂ ਇਸ ਮਹਾਂ ਕਾਰਜ ਨਾਲ ਕਿਸੇ ਜ਼ਰੂਰਤਮੰਦ ਦੀ ਜਾਨ ਜ਼ਰੂਰ ਬਚ ਜਾਂਦੀ ਹੈ | ਸਟਾਫ਼ ਵਲੋਂ ਖੂਨ ਇਕੱਤਰ ਕਰਨ ਲਈ ਪਹੁੰਚੀ ਟੀਮ ਨੂੰ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ |