ਹੋਲੇ ਮਹੱਲੇ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤ ਨਤਮਸਤਕ
ਸ੍ਰੀ ਅਨੰਦਪੁਰ ਸਾਹਿਬ- ਪਾਵਨ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੌਮੀ ਜੋੜ ਮੇਲੇ ਹੋਲਾ ਮਹੱਲਾ ਦੇ ਦੂਜੇ ਦਿਨ ਦੇਸ਼-ਵਿਦੇਸ਼ਾਂ ਤੋਂ ਵਹੀਰਾਂ ਘੱਤ ਪਹੁੰਚੀਆਂ ਵੱਡੀ ਗਿਣਤੀ ‘ਚ ਸੰਗਤਾਂ ਨੇ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਹੋਰ ਗੁਰਧਾਮਾਂ ਗੁਰੂ ਕੇ ਮਹਿਲ ਭੋਰਾ ਸਾਹਿਬ, ਸੀਸ ਗੰਜ ਸਾਹਿਬ, ਕਿਲ੍ਹਾ ਅਨੰਦਗੜ੍ਹ ਸਾਹਿਬ, ਕਿਲ੍ਹਾ ਫ਼ਤਹਿਗੜ੍ਹ ਸਾਹਿਬ, ਕਿਲ੍ਹਾ ਲੋਹਗੜ੍ਹ ਸਾਹਿਬ, ਗੁਰਦੁਆਰਾ ਹੋਲਗੜ੍ਹ ਸਾਹਿਬ ਅਤੇ ਗੁਰਦੁਆਰਾ ਕਿਲ੍ਹਾ ਤਾਰਾਗੜ੍ਹ ਸਾਹਿਬ ਆਦਿ ਵਿਖੇ ਮੱਥਾ ਟੇਕਿਆ | ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਸਮਾਗਮਾਂ ‘ਚ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਪਿ੍ੰ: ਸੁਰਿੰਦਰ ਸਿੰਘ ਆਦਿ ਨੇ ਸੰਬੋਧਨ ‘ਚ ਸੰਗਤਾਂ ਨੂੰ ਹੋਲੇ ਮਹੱਲੇ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਗੁਰੂ ਸਾਹਿਬਾਨ ਵਲੋਂ ਭਾਰਤੀ ਲੋਕਾਂ ‘ਚ ਸਮੇਂ ਦੇ ਜਾਬਰ ਅਤੇ ਜ਼ਾਲਮ ਸਰਕਾਰਾਂ ਦਾ ਟਾਕਰਾ ਕਰਨ ਲਈ ਪੁਰਾਤਨ ਹੋਲੀ ਦੇ ਤਿਉਹਾਰ ਨੂੰ ਨਵਾਂ ਰੂਪ ਦੇ ਕੇ 1700 ਈ: ‘ਚ ਹੋਲਾ ਮਹੱਲਾ ਦੀ ਪਰੰਪਰਾ ਆਰੰਭ ਕੀਤੀ ਗਈ ਸੀ | ਜਿਸ ‘ਚ ਲੋਕਾਂ ਨੂੰ ਜੰਗੀ ਕਲਾ ਦੇ ਅਭਿਆਸ ਕਰਵਾਉਣ ਲਈ ਤਲਵਾਰਬਾਜ਼ੀ, ਨੇਜ਼ੇਬਾਜ਼ੀ ਦੇ ਗੁਰ ਸਿਖਾ ਕੇ ਜ਼ੁਲਮ ਦਾ ਟਾਕਰਾ ਕਰਨ ਲਈ ਤਿਆਰ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿਹਾ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਜਿੱਥੇ ਤਿਆਗ ਦਾ ਸੰਦੇਸ਼ ਦਿੰਦੀ ਹੈ ਉੱਥੇ ਹੀ ਜ਼ੁਲਮ ਖ਼ਿਲਾਫ਼ ਸੰਘਰਸ਼ ਲਈ ਲੋਕਾਂ ਨੂੰ ਲਾਮਬੱਧ ਕਰਦੀ ਹੈ | ਤਖ਼ਤ ਸਾਹਿਬ ਵਿਖੇ ਕੀਰਤਨ ਦਰਬਾਰ ਦੌਰਾਨ ਭਾਈ ਨਿਰਮਲ ਸਿੰਘ ਹਜ਼ੂਰੀ ਰਾਗੀ, ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਿੰਘ, ਭਾਈ ਪਿੰਦਰਪਾਲ ਸਿੰਘ, ਭਾਈ ਭੁਪਿੰਦਰ ਸਿੰਘ ਹਜ਼ੂਰੀ ਰਾਗੀ, ਭਾਈ ਹਿੰਮਤ ਸਿੰਘ ਪਟਿਆਲਾ ਤੇ ਪ੍ਰੋ: ਕਰਤਾਰ ਸਿੰਘ ਗੁਰਮਤਿ ਸੰਗੀਤ ਅਕੈਡਮੀ ਵਲੋਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ | ਅੱਜ ਅੰਮਿ੍ਤ ਵੇਲੇ ਤਖ਼ਤ ਸਾਹਿਬ ਵਿਖੇ ਆਰੰਭ ਹੋਏ ਸਮਾਗਮ ‘ਚ ਭਾਈ ਸ਼ੁਭਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਆਸਾ ਦੀ ਵਾਰ, ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ ਸਾਬਕਾ ਜਥੇਦਾਰ ਨੇ ਕਥਾ ਵਿਚਾਰ, ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪਾਵਨ ਸ਼ਸ਼ਤਰਾਂ ਦੇ ਦਰਸ਼ਨ ਅਤੇ ਸੰਖੇਪ ਇਤਿਹਾਸ ਤੋਂ ਜਾਣੂ ਕਰਵਾਇਆ | ਜਿਥੇ ਹੋਲੇ ਮਹੱਲੇ ਸਬੰਧੀ ਸੰਗਤਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਉਥੇ ਹੀ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘ ਵੀ ਖਿੱਚ ਦਾ ਕੇਂਦਰ ਬਣੇ ਹੋਏ ਹਨ | ਇਸ ਮੌਕੇ ਹਰਜਿੰਦਰ ਸਿੰਘ ਧਾਮੀ ਚੀਫ਼ ਸਕੱਤਰ, ਸੁਖਬੀਰ ਸਿੰਘ, ਹੈੱਡ ਗ੍ਰੰਥੀ ਭਾਈ ਫੂਲਾ ਸਿੰਘ, ਮੈਨੇਜਰ ਮਲਕੀਤ ਸਿੰਘ, ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ, ਜਥੇਦਾਰ ਮੋਹਨ ਸਿੰਘ ਢਾਹੇ, ਮਨਜਿੰਦਰ ਸਿੰਘ ਬਰਾੜ, ਹਰਜੀਤ ਸਿੰਘ ਅਚਿੰਤ, ਸੰਦੀਪ ਸਿੰਘ ਕਲੋਤਾ ਅਕਾਲੀ ਆਗੂ, ਹਰਦੇਵ ਸਿੰਘ ਦੇਬੀ, ਇੰਦਰਜੀਤ ਸਿੰਘ ਬੇਦੀ, ਹਰਦੇਵ ਸਿੰਘ, ਕਰਮ ਸਿੰਘ, ਬੀਬੀ ਪ੍ਰੀਤਮ ਕੌਰ ਭਿਉਰਾ, ਬੀਬੀ ਕੁਲਵਿੰਦਰ ਕੌਰ, ਦਲਜੀਤ ਕੌਰ ਜਰਮਨੀ, ਸੁਰਿੰਦਰ ਕੌਰ ਆਦਿ ਹਾਜ਼ਰ ਸਨ |