ਜਲੰਧਰ – ਪੰਜਾਬ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੇ ਆਖਰੀ ਸਾਲ ਵਿਚ ਕਈ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਦਾਅ ਖੇਡੇ ਜਾ ਰਹੇ ਹਨ ਪਰ ਸੱਚਾਈ ਇਹ ਹੈ ਕਿ ਕੋਰੋਨਾ ਦੇ ਇਸ ਮੁਸ਼ਕਲ ਦੌਰ ਵਿਚ ਬੱਸਾਂ ਦਾ ਸਫਰ ਸੁਰੱਖਿਅਤ ਨਹੀਂ ਹੈ। ਸਰਕਾਰ ਵੱਲੋਂ ਕੋਵਿਡ ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਬੱਸਾਂ ਵਿਚ ਗੰਭੀਰਤਾ ਨਾਲ ਪਾਲਣਾ ਨਹੀਂ ਹੋ ਪਾ ਰਹੀ, ਜਿਸ ਕਾਰਣ ਮੁਸਾਫਰ ਖਤਰੇ ਦੇ ਪ੍ਰਛਾਵੇਂ ਹੇਠ ਬੱਸਾਂ ਵਿਚ ਸਫਰ ਕਰਨ ਨੂੰ ਮਜਬੂਰ ਹਨ।
ਪਿਛਲੇ ਸਮੇਂ ਦੌਰਾਨ ਦੇਖਣ ਵਿਚ ਆਇਆ ਹੈ ਕਿ ਕੋਰੋਨਾ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਕੋਰੋਨਾ ਕਾਰਣ ਮੌਤਾਂ ਦਾ ਸਿਲਸਿਲਾ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅਜਿਹੇ ਹਾਲਾਤ ਵਿਚ ਮਾਸਕ ਪਹਿਨਣਾ ਅਤੇ ਸਮਾਜਿਕ ਦੂਰੀ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ ਪਰ ਇਸ ਨੂੰ ਲਾਗੂ ਕਰਵਾਉਣ ਵਿਚ ਪ੍ਰਸ਼ਾਸਨਿਕ ਅਧਿਕਾਰੀ ਅਸਫਲ ਸਾਬਿਤ ਹੋ ਰਹੇ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਬੱਸ ਅੱਡੇ ਵਿਚ ਮਾਸਕ ਦੀ ਵਰਤੋ ਸਹੀ ਢੰਗ ਨਾਲ ਨਹੀਂ ਹੋ ਰਹੀ। ਅਜਿਹੇ ਹਾਲਾਤ ਵਿਚ ਜੇਕਰ ਕੋਈ ਵਿਅਕਤੀ ਕੋਰੋਨਾ ਤੋਂ ਪੀੜਤ ਹੋਇਆ ਤਾਂ ਉਹ ਕਈ ਹੋਰ ਲੋਕਾਂ ਨੂੰ ਮੁਫਤ ਵਿਚ ਕੋਰੋਨਾ ਵੰਡ ਕੇ ਚਲਾ ਜਾਵੇਗਾ। ਕੋਰੋਨਾ ਅਜਿਹੀ ਨਾਮੁਰਾਦ ਬੀਮਾਰੀ ਹੈ, ਜਿਹੜੀ ਤੇਜ਼ੀ ਨਾਲ ਫੈਲਦੀ ਹੈ ਅਤੇ ਇਸਦੀ ਲਪੇਟ ਵਿਚ ਆਉਣ ਵਾਲੇ ਕਈ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਸ ਅੱਡੇ ਅਤੇ ਬੱਸਾਂ ਵਿਚ ਵਰਤੀ ਜਾ ਰਹੀ ਲਾਪ੍ਰਵਾਹੀ ਕਾਰਣ ਮੁਫਤ ਵਿਚ ਵੰਡੇ ਜਾ ਰਹੇ ਕੋਰੋਨਾ ਨੂੰ ਅੱਗੇ ਫੈਲਣ ਤੋਂ ਰੋਕਿਆ ਜਾਵੇ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ।
ਮੌਜੂਦਾ ਸਮੇਂ ਜਿਹੜੇ ਹਾਲਾਤ ਬਣੇ ਹੋਏ ਹਨ, ਉਨ੍ਹਾਂ ਮੁਤਾਬਕ ਪੰਜਾਬ ਵਿਚ ਕੋਰੋਨਾ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਨੂੰ ਰੋਕਣ ਲਈ ਰਾਤ ਦਾ ਕਰਫਿਊ ਲਾਇਆ ਜਾ ਚੁੱਕਾ ਹੈ, ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਜ਼ਿਆਦਾ ਲੋਕਾਂ ਦੀ ਇਕੱਤਰਤਾ ’ਤੇ ਨਿਯਮ ਨਿਰਧਾਰਿਤ ਹੋ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਪਾਬੰਦੀਆਂ ਨੂੰ ਵਧਾਇਆ ਵੀ ਜਾ ਸਕਦਾ ਹੈ।
ਮੁੱਖ ਮੰਤਰੀ ਵੱਲੋਂ ਕੋਰੋਨਾ ਨੂੰ ਲੈ ਕੇ ਵਾਰ-ਵਾਰ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਵੱਲੋਂ ਜਾਰੀ ਹੁਕਮਾਂ ਦੀ ਬੱਸਾਂ ਵਿਚ ਸਹੀ ਢੰਗ ਨਾਲ ਪਾਲਣਾ ਨਾ ਹੋ ਪਾਉਣੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀ ਹੈ।