ਰਾਮਪੁਰਾ ਫੂਲ, (ਜਸਵੀਰ ਔਲਖ)- ਪੰਜਾਬ ਸਰਕਾਰ ਵਲੋਂ ਬਜਟ ਇਜਲਾਸ ਦੌਰਾਨ ਪੰਜਾਬ ਦੀਆਂ ਬੀਬੀਆਂ ਲਈ ਸਰਕਾਰੀ ਬੱਸਾਂ ’ਚ ਮੁਫ਼ਤ ਸਫ਼ਰ ਕਰਨ ਸੰਬੰਧੀ ਕੀਤਾ ਗਿਆ ਐਲਾਨ 1 ਅਪ੍ਰੈਲ ਤੋਂ ਲਾਗੂ ਹੋ ਗਿਆ। ਲਗਭਗ ਚਾਰ ਵਰ੍ਹਿਆਂ ਦੀ ਉਡੀਕ ਤੋਂ ਬਾਅਦ ਬੀਬੀਆਂ ਨੇ 1 ਅਪ੍ਰੈਲ ਤੋਂ ਮੁਫ਼ਤ ਸਫ਼ਰ ਕਰਨਾ ਸ਼ੁਰੂ ਕਰ ਦਿੱਤਾ। ਭਾਵੇਂ ਸਰਕਾਰ ਦੇ ਐਲਾਨ ਮੁਤਾਬਕ ਮੁਫ਼ਤ ਸਫ਼ਰ ਸ਼ੁਰੂ ਹੋ ਗਿਆ ਹੈ ਪਰ ਅਜੇ ਵੀ ਇਸ ਬਾਬਤ ਕਈ ਸਵਾਲ ਹਨ, ਜਿਵੇਂ ਬੀਬੀਆਂ ਕਿਹੜੀਆਂ-ਕਿਹੜੀਆਂ ਬੱਸਾਂ ਵਿਚ ਮੁਫ਼ਤ ਸਫ਼ਰ ਕਰ ਸਕਦੀਆਂ ਹਨ ਅਤੇ ਇਸ ਲਈ ਕਈ ਜ਼ਰੂਰੀ ਹੋਵੇਗਾ।

ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਮੁਫ਼ਤ ਸਫ਼ਰ ਸਕੀਮ ਤਹਿਤ ਬੀਬੀਆਂ ਨੂੰ ਪੰਜਾਬ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (ਪੀ. ਆਰ. ਟੀ. ਸੀ.), ਪੰਜਾਬ ਰੋਡਵੇਜ਼ ਬੱਸਾਂ (ਪਨਬੱਸ) ਅਤੇ ਸਥਾਨਕ ਸਰਕਾਰਾਂ ਵੱਲੋਂ ਚਲਾਈਆਂ ਜਾਂਦੀਆਂ ਸਿਟੀ ਬੱਸਾਂ ਤੇ ਹੋਰ ਸਰਕਾਰੀ ਮਾਲਕੀ ਵਾਲੀਆਂ ਬੱਸਾਂ ਵਿਚ ਮੁਫ਼ਤ ਸਫ਼ਰ ਦੀ ਸਹੂਲਤ ਮਿਲੇਗੀ। ਇਹ ਸਕੀਮ ਏ. ਸੀ., ਵਾਲਵੋ ਤੇ ਐੱਚ. ਵੀ. ਏ. ਸੀ. ਬੱਸਾਂ ‘ਤੇ ਲਾਗੂ ਨਹੀਂ ਹੋਵੇਗੀ। ਮਤਲਬ ਇਹ ਕਿ ਜੇਕਰ ਕਿਸੇ ਵੀ ਵਰਗ ਜਾਂ ਉਮਰ ਦੀਆਂ ਬੀਬੀਆਂ ਏ. ਸੀ. ਬੱਸ, ਵਾਲਵੋ ਅਤੇ ਐੱਚ. ਵੀ. ਏ. ਸੀ. ਬੱਸਾਂ ਵਿਚ ਸਫਰ ਕਰਦੀਆਂ ਹਨ (ਭਾਵੇਂ ਉਹ ਸਰਕਾਰੀ ਹੋਣ) ਤਾਂ ਉਨ੍ਹਾਂ ਪੂਰਾ-ਪੂਰਾ ਕਿਰਾਇਆ ਦੇਣਾ ਹੀ ਪਵੇਗਾ।

ਮੁਫ਼ਤ ਸਫ਼ਰ ਲਈ ਕਿਹੜੇ ਦਸਤਾਵੇਜ਼ ਲੋੜੀਂਦੇ ਹਨ
ਇਸ ਸਕੀਮ ਦਾ ਫ਼ਾਇਦਾ ਲੈਣ ਲਈ ਪੰਜਾਬ ਦੀ ਰਿਹਾਇਸ਼ ਦੇ ਸਬੂਤ ਵਜੋਂ ਆਧਾਰ ਕਾਰਡ, ਵੋਟਰ ਕਾਰਡ ਜਾਂ ਕੋਈ ਹੋਰ ਸਰਕਾਰ ਵਲੋਂ ਮਾਨਤਾ ਪ੍ਰਾਪਤ ਸਬੂਤ ਵਿਖਾਇਆ ਜਾ ਸਕਦਾ ਹੈ। ਇਹ ਸਬੂਤ ਦਿਖਾਉਣ ਮਗਰੋਂ ਹੀ ਪੰਜਾਬ ਵਾਸੀ ਬੀਬੀਆਂ ਭਾਵੇਂ ਉਹ ਕਿਸੇ ਵੀ ਉਮਰ ਦੀਆਂ ਹੋਣ, ਕੋਲੋਂ ਸਰਕਾਰੀ ਬੱਸਾਂ ਵਿਚ ਕੋਈ ਕਿਰਾਇਆ ਨਹੀਂ ਵਸੂਲਿਆ ਜਾਵੇਗਾ। ਜੇਕਰ ਇਨ੍ਹਾਂ ਵਿਚੋਂ ਕੋਈ ਵੀ ਸਬੂਤ ਤੁਹਾਡੇ ਕੋਲ ਨਹੀਂ ਹੋਵੇਗਾ ਤਾਂ ਤੁਸੀਂ ਸਰਕਾਰੀ ਬੱਸ ਵਿਚ ਸਫ਼ਰ ਤਾਂ ਕਰ ਸਕੋਗੇ ਪਰ ਤੁਹਾਨੂੰ ਸਫ਼ਰ ਦਾ ਬਣਦਾ ਕਿਰਾਇਆ ਦੇਣਾ ਹੀ ਪਵੇਗਾ।

ਇਸ ਸਕੀਮ ਦਾ ਫਾਇਦਾ ਸੂਬੇ ਭਰ ਵਿਚ ਲਗਭਗ 1.3 ਕਰੋੜ ਬੀਬੀਆਂ ਅਤੇ ਕੁੜੀਆਂ ਨੂੰ ਹੋਵੇਗਾ। ਇਸ ਸਕੀਮ ਤਹਿਤ ਪੰਜਾਬ ਦੀਆਂ ਵਸਨੀਕ ਬੀਬੀਆਂ ਸਰਕਾਰ ਦੀਆਂ ਬੱਸਾਂ ਵਿਚ ਮੁਫ਼ਤ ਸਫ਼ਰ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਪੰਜਾਬ ਤੋਂ ਚੰਡੀਗੜ੍ਹ ਆਉਣ ਵਾਲੀਆਂ ਅਤੇ ਚੰਡੀਗੜ੍ਹ ਤੋਂ ਪੰਜਾਬ ਜਾਣ ਵਾਲੀਆਂ ਪੀ. ਆਰ. ਟੀ. ਸੀ. ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿਚ ਵੀ ਬੀਬੀਆਂ ਮੁਫ਼ਤ ਸਫ਼ਰ ਕਰ ਸਕਣਗੀਆਂ।

Leave a Reply

Your email address will not be published. Required fields are marked *