ਜਲਾਲਾਬਾਦ – ਪੰਜਾਬ ’ਚ ਅਕਸਰ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨ ਦੇ ਦਾਅਵੇ ਸਰਕਾਰਾਂ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਕੀਤੇ ਜਾਂਦੇ ਨੇ ਪਰ ਜਲਾਲਾਬਾਦ ਤੋਂ ਸਾਹਮਣੇ ਆਈਆਂ ਗੁੰਡਾਗਰਦੀ ਦੀਆਂ ਲਾਈਵ ਤਸਵੀਰਾਂ ਨੇ ਪੰਜਾਬ ’ਚ ਕਾਨੂੰਨ ਵਿਵਸਥਾ ’ਤੇ ਕਈ ਸਵਾਲ ਖੜ੍ਹੇ ਕਰ ਦਿੱਤੇ। ਜਲਾਲਾਬਾਦ ਦੇ ਐੱਫ. ਐੱਫ. ਰੋਡ ’ਤੇ ਸਥਿਤ ਰੋਈਅਲ ਐਂਡ ਫੀਲਡ ਬੁਲੇਟ ਸ਼ੋਅ ਰੋਮ ਦੇ ਮਾਲਕਾਂ ਯਾਨੀ 2 ਸਕੇ ਭਰਾਵਾਂ ’ਤੇ 10-15 ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ’ਚ ਜ਼ਖ਼ਮੀ ਹੋਣ ਕਾਰਨ ਦੋਵਾਂ ਭਰਾਵਾਂ ਨੂੰ ਇਲਾਜ ਲਈ ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵਾ ਦਿੱਤਾ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਉਕਤ ਸਥਾਨ ’ਤੇ ਪਹੁੰਚ ਗਈ, ਜਿਨ੍ਹਾਂ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹਸਪਤਾਲ ’ਚ ਜ਼ੇਰੇ ਇਲਾਜ ਸ਼ੋਅ ਰੂਮ ਦੇ ਮਾਲਕ ਰੋਹਿਤ ਡੂਮੜਾ ਅਤੇ ਮਿੰਟੂ ਡੂਮੜਾ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਆਪਣੇ ਸ਼ੋਅ ’ਚ ਮੌਜੂਦ ਸੀ ਤਾਂ 15 ਦੇ ਕਰੀਬ ਹਥਿਆਰਬੰਦ ਵਿਅਕਤੀ ਉਨ੍ਹਾਂ ਦੇ ਸ਼ੋਅ ’ਚ ਦਾਖਲ ਹੋਏ ਤੇ ਆਉਂਦੇ ਸਾਰ ਹੀ ਸਾਡੇ ’ਤੇ ਜਾਨੋਂ ਮਾਰਨ ਦੀ ਨੀਯਤ ਨਾਲ ਤੇਜ਼ਧਾਰ ਹਥਿਆਰ ਨਾਲ ਕਰ ਕੇ ਜ਼ਖ਼ਮੀ ਕੀਤਾ ਤੇ ਬਾਅਦ ’ਚ ਸ਼ੋਅ ਰੋਮ ਦੀ ਭੰਨਤੋੜ ਵੀ ਕਰ ਦਿੱਤੀ।
ਉਨ੍ਹਾਂ ਦੱਸਿਆ ਕਿ ਕੁੱਝ ਵਿਅਕਤੀ ਜ਼ਮੀਨ ਨੂੰ ਲੈ ਕੇ ਸਾਡੇ ਪੁਰਾਣੀ ਰੰਜ਼ਿਸ਼ ਰੱਖਦੇ ਆ ਰਹੇ ਹਨ, ਜਿਨ੍ਹਾਂ ਅੱਜ ਆਪਣੀ ਰੰਜਿਸ਼ ਕੱਢਣ ਲਈ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਉੱਧਰ ਦੂਜੇ ਪਾਸੇ ਹਮਲਾਵਰਾਂ ਵੱਲੋਂ ਕੀਤੀ ਗਈ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਹੈ। ਇਸ ਸਬੰਧੀ ਜਦੋਂ ਥਾਣਾ ਸਿਟੀ ਜਲਾਲਾਬਾਦ ਦੇ ਮੁਖੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਤਫਤੀਸ਼ ਜਾਰੀ ਹੈ ਤੇ ਜਿਹੜਾ ਵੀ ਵਿਅਕਤੀ ਦੋਸ਼ੀ ਪਾਇਆ ਗਿਆ ਉਸ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।