ਦਿੱਲੀ – ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਵਿੱਚ ਨਾਈਟ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਹੁਣ ਮੈਟਰੋ ਨੂੰ ਲੈ ਕੇ ਵੀ ਜ਼ਰੂਰੀ ਗਾਈਡਲਾਈਨ ਡੀ.ਐੱਮ.ਆਰ.ਸੀ. ਵਲੋਂ ਜਾਰੀ ਕਰ ਦਿੱਤੀ ਗਈ ਹੈ। ਅੱਜ ਰਾਤ ਤੋਂ ਦਿੱਲੀ ਵਿੱਚ ਨਾਈਟ ਕਰਫਿਊ ਲਗਾਉਣ ਦੇ ਮੱਦੇਨਜ਼ਰ ਹੁਣ ਮੈਟਰੋ ਵਿੱਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਪ੍ਰਵੇਸ਼ ਸਿਰਫ ਉਨ੍ਹਾਂ ਮੁਸਾਫਰਾਂ ਨੂੰ ਕਰਨ ਦੀ ਇਜਾਜ਼ਤ ਹੋਵੇਗੀ ਜੋ ਸਰਕਾਰ ਦੇ ਆਦੇਸ਼ਾਨੁਸਾਰ ਜ਼ਰੂਰੀ ਸ਼੍ਰੇਣੀ ਵਿੱਚ ਆਉਂਦੇ ਹਨ। ਨਾਲ ਹੀ DMRC/CSTF ਕਰਮਚਾਰੀਆਂ ਵੱਲੋਂ ਉਨ੍ਹਾਂ ਦੀ ਵੈਧ ਆਈ.ਡੀ. ਦੀ ਜਾਂਚ ਵੀ ਕੀਤੀ ਜਾਵੇਗੀ।
ਦਿੱਲੀ ਵਿੱਚ ਕੋਰੋਨਾ ਇਨਫੈਕਸ਼ਨ ਦੇ ਰੋਜ਼ਾਨਾ ਕਰੀਬ 4000 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਸਰਕਾਰ ਨੇ ਨਾਈਟ ਕਰਫਿਊ ਲਾਗੂ ਕਰਦੇ ਹੋਏ ਹਰ ਗਤੀਵਿਧੀ ‘ਤੇ ਰੋਕ ਲਗਾਈ ਹੈ ਪਰ ਜ਼ਰੂਰੀ ਸੇਵਾਵਾਂ ਨੂੰ ਲੈ ਕੇ ਰਾਹਤ ਵੀ ਦਿੱਤੀ ਹੈ। ਨਾਲ ਹੀ ਇਹ ਵੀ ਦੱਸਿਆ ਹੈ ਕਿ ਨਾਈਟ ਕਰਫਿਊ ਦੌਰਾਨ ਕਿਹੜੇ-ਕਿਹੜੇ ਲੋਕਾਂ ਨੂੰ ਛੋਟ ਮਿਲ ਸਕਦੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਸੀ ਕਿ ਦਿੱਲੀ ਕੋਰੋਨਾ ਦੀ ਚੌਥੀ ਲਹਿਰ ਦੀ ਚਪੇਟ ਵਿੱਚ ਹੈ, ਬਾਵਜੂਦ ਇਸ ਦੇ ਸਰਕਾਰ ਹੁਣ ਤਾਲਾਬੰਦੀ ਲਗਾਉਣ ‘ਤੇ ਵਿਚਾਰ ਨਹੀਂ ਕਰ ਰਹੀ ਹੈ। ਬਹਰਹਾਲ, ਦਿੱਲੀ ਵਿੱਚ ਨਾਈਟ ਕਰਫਿਊ ਦੇ ਨਵੇਂ ਨਿਯਮ ਅੱਜ ਰਾਤ ਤੋਂ ਲਾਗੂ ਹੋ ਜਾਣਗੇ।