ਜਲੰਧਰ –ਜ਼ਿਲ੍ਹੇ ਦੇ ਲਗਭਗ ਹਰ ਖੇਤਰ ਵਿਚ ਜਿੱਥੇ ਹਰ ਰੋਜ਼ ਕੋਰੋਨਾ ਦੇ ਪਾਜ਼ੇਟਿਵ ਮਰੀਜ਼ ਮਿਲ ਰਹੇ ਹਨ, ਉਥੇ ਹੀ ਕੁਝ ਲੋਕ ਹਾਲੇ ਵੀ ਇਸ ਸਬੰਧੀ ਲਾਪ੍ਰਵਾਹ ਹਨ। ਵੀਰਵਾਰ ਨੂੰ ਜਲੰਧਰ ਜ਼ਿਲ੍ਹੇ ਵਿਚ 419 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਅਤੇ 8 ਹੋਰ ਇਲਾਜ ਅਧੀਨ ਮਰੀਜ਼ਾਂ ਨੇ ਇਸ ਵਾਇਰਸ ਨਾਲ ਲੜਦੇ ਹੋਏ ਦਮ ਤੋੜ ਦਿੱਤਾ। ਜ਼ਿਲ੍ਹਾ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਸਿਹਤ ਮਹਿਕਮੇ ਵੀਰਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁਲ 465 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ ਕੁਝ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਨਾਲ ਸਬੰਧਤ ਪਾਏ ਗਏ।
4028 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 379 ਨੂੰ ਮਿਲੀ ਛੁੱਟੀ
ਓਧਰ ਸਿਹਤ ਮਹਿਕਮੇ ਨੂੰ ਬੁੱਧਵਾਰ 4028 ਹੋਰ ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 379 ਨੂੰ ਛੁੱਟੀ ਦੇ ਿਦੱਤੀ ਗਈ। ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 4969 ਹੋਰ ਲੋਕਾਂ ਦੇ ਸੈਂਪਲ ਲਏ।
ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ
ਕੁਲ ਸੈਂਪਲ-792929
ਨੈਗੇਟਿਵ ਆਏ-720570
ਪਾਜ਼ੇਟਿਵ ਆਏ-32440
ਡਿਸਚਾਰਜ ਹੋਏ ਮਰੀਜ਼-28393
ਮੌਤਾਂ ਹੋਈਆਂ-961
ਐਕਟਿਵ ਕੇਸ-3086
ਕੋਰੋਨਾ ਵੈਕਸੀਨੇਸ਼ਨ : 11345 ਲੋਕਾਂ ਨੇ ਲੁਆਇਆ ਟੀਕਾ
ਕੋਰੋਨਾ ’ਤੇ ਕਾਬੂ ਪਾਉਣ ਲਈ ਜਾਰੀ ਕੋਰੋਨਾ ਵੈਕਸੀਨੇਸ਼ਨ ਮਹਾ-ਮੁਹਿੰਮ ਤਹਿਤ ਬੁੱਧਵਾਰ ਨੂੰ ਜ਼ਿਲੇ ਦੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਅਤੇ ਮੋਬਾਇਲ ਵੈਨ ਦੁਆਰਾ ਕੈਂਪ ਲਗਾ ਕੇ 11345 ਲੋਕਾਂ ਨੂੰ ਟੀਕਾ ਲਾਇਆ ਗਿਆ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ ਜਿਨ੍ਹਾਂ 11345 ਲੋਕਾਂ ਨੇ ਵੈਕਸੀਨ ਲਗਵਾਈ ਹੈ, ਉਨ੍ਹਾਂ ਵਿਚ 10938 ਨੇ ਪਹਿਲੀ ਅਤੇ 407 ਨੇ ਦੂਜੀ ਡੋਜ਼ ਲਗਵਾਈ।