ਚੰਡੀਗੜ੍ਹ (ਬਿਊਰੋ) : 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ‘ਤੇ ਹੋਈ ਘਟਨਾ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਅਦਾਕਾਰ ਦੀਪ ਸਿੱਧੂ ਦੀ ਜ਼ਮਾਨਤ ਅਰਜ਼ੀ ‘ਤੇ ਅੱਜ ਮੁੜ ਤੋਂ ਸੁਣਵਾਈ ਕੀਤੀ ਗਈ। ਜਾਣਕਾਰੀ ਅਨੁਸਾਰ ਅੱਜ ਅਦਾਲਤ ‘ਚ ਵਕੀਲ ਵਲੋਂ ਪੇਸ਼ ਕੀਤੀਆਂ ਗਈਆਂ ਦਲੀਲਾਂ ‘ਤੇ ਦੀਪ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਦੀਪ ਸਿੱਧੂ ਨੇ ਕਿਹਾ, ‘ਮੈਂ ਕਿਸੇ ਵੀ ਤਰ੍ਹਾਂ ਦੀ ਹਿੰਸਾ ‘ਚ ਸ਼ਾਮਲ ਨਹੀਂ ਸੀ। ਮੇਰੀ ਗਲ਼ਤੀ ਇਹ ਹੈ ਕਿ ਮੈਂ ਵੀਡੀਓ ਬਣਾ ਕੇ ਆਪਲੋਡ (upload) ਕਰ ਦਿੱਤੀ। 

ਹੁਣ 12 ਅਪ੍ਰੈਲ ਨੂੰ ਹੋਵੇਗੀ ਅਗਲੀ ਸੁਣਵਾਈ
ਦੱਸ ਦੇਈਏ ਕਿ ਅਦਾਲਤ ਵਲੋਂ ਦੀਪ ਸਿੱਧੂ ਦੀ ਜ਼ਮਾਨਤ ਦੀ ਤਰੀਕ ਫ਼ਿਰ ਤੋਂ ਮੁਲਤਵੀ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਅਦਾਲਤ ਵੱਲੋਂ ਦੀਪ ਸਿੱਧੂ ਦੀ ਜ਼ਮਾਨਤ ਦੀ ਸੁਣਵਾਈ ਲਈ 12 ਤਾਰੀਖ ਰੱਖੀ ਗਈ ਹੈ। ਹੁਣ ਅਗਲੀ ਸੁਣਵਾਈ 12 ਅਪ੍ਰੈਲ ਨੂੰ ਹੋਵੇਗੀ। ਵਕੀਲਾਂ ਵਲੋਂ ਕਿਹਾ ਗਿਆ ਹੈ ਕਿ ਅਸੀਂ ਜਲਦ ਤੋਂ ਜਲਦ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕਰਾਂਗੇ, ਜਿਸ ਨਾਲ ਅਗਲੀ ਸੁਣਵਾਈ ‘ਚ ਜ਼ਮਾਨਤ ਹੋ ਸਕੇ। 

ਬਹਿਸ ਦੌਰਾਨ ਕੋਰਟ ਨੇ ਹੁਕਮ ਦਿੱਤੇ ਹਨ ਕਿ 26 ਜਨਵਰੀ ਤੋਂ ਪਹਿਲਾਂ 25 ਦੀ ਰਾਤ ਨੂੰ ਦੀਪ ਸਿੱਧੂ ਵੱਲੋਂ ਕਿਸਾਨ ਮੋਰਚੇ ਦੀ ਸਟੇਜ ਤੋਂ ਦਿੱਤੀ ਗਈ ਸਪੀਚ ਨੂੰ ਟ੍ਰਾਂਸਲੇਟ ਕਰਕੇ ਕੋਰਟ ‘ਚ ਪੇਸ਼ ਕੀਤਾ ਜਾਏ ਅਤੇ ਉਸ ਤੋਂ ਬਾਅਦ ਦੀਪ ਸਿੱਧੂ ਦੀ ਜ਼ਮਾਨਤ ‘ਤੇ ਕੋਈ ਫ਼ੈਸਲਾ ਲਿਆ ਜਾਵੇਗਾ।

ਕੀ ਸੀ ਪੂਰਾ ਮਾਮਲਾ
ਦੱਸ ਦੇਈਏ ਕਿ ਗਣਤੰਤਰ ਦਿਵਸ ਵਾਲੇ ਦਿਨ ਰਾਜਧਾਨੀ ‘ਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਕਿਸਾਨਾਂ ਅਤੇ ਪੁਲਸ ਮੁਲਾਜ਼ਮਾਂ ਵਿਚਾਲੇ ਝੜਪ ਹੋ ਗਈ ਸੀ। ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀ ਟਰੈਕਟਰਾਂ ਨਾਲ ਲਾਲ ਕਿਲ੍ਹੇ ਪਹੁੰਚ ਗਏ ਸਨ ਅਤੇ ਉੱਥੇ ਉਨ੍ਹਾਂ ਨੇ ਕੇਸਰੀ ਝੰਡਾ ਲਹਿਰਾ ਦਿੱਤਾ ਸੀ, ਜਿਸ ਦੇ ਚਲਦੇ ਦੀਪ ਸਿੱਧੂ ਨੂੰ ਪੁਲਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਹੁਣ ਦਿੱਲੀ ਕੋਰਟ ਨੇ ਗਣਤੰਤਰ ਦਿਵਸ ਵਿਖੇ ਕਿਸਾਨ ਟਰੈਕਟਰ ਰੈਲੀ ਦੇ ਸਬੰਧ ‘ਚ ਲਾਲ ਕਿਲ੍ਹਾ ਮਾਮਲੇ ‘ਚ ਦੀਪ ਸਿੱਧੂ ਦੁਆਰਾ ਦਾਇਰ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ 12 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

8 ਫਰਵਰੀ ਦੀ ਰਾਤ ਦੀਪ ਸਿੱਧੂ ਨੂੰ ਕਰਨਾਲ ਬਾਈਪਾਸ ਤੋਂ ਕੀਤਾ ਸੀ ਗ੍ਰਿਫ਼ਤਾਰ 
ਦਿੱਲੀ ਪੁਲਸ ਵੱਲੋਂ ਦੀਪ ਸਿੱਧੂ ਨੂੰ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਦਿੱਲੀ ਦੇ ਲਾਲ ਕਿਲ੍ਹੇ ‘ਤੇ ਵਾਪਰੀ ਘਟਨਾ ‘ਚ ਮੁੱਖ ਮੁਲਜ਼ਮ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਦੀਪ ਸਿੱਧੂ ‘ਤੇ ਵੱਖ-ਵੱਖ ਧਾਰਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਦੀਪ ਸਿੱਧੂ ਨੂੰ 8 ਫਰਵਰੀ ਦੀ ਰਾਤ ਨੂੰ ਦਿੱਲੀ ਪੁਲਸ ਵੱਲੋਂ ਕਰਨਾਲ ਬਾਈਪਾਸ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਤੀਸ ਹਜਾਰੀ ਕੋਰਟ ‘ਚ ਪੇਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਦੀਪ ਸਿੱਧੂ ਨੂੰ ਕੋਰਟ ਵੱਲੋਂ 14 ਦਿਨ ਦੀ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਸੀ।

Leave a Reply

Your email address will not be published. Required fields are marked *