ਚੰਡੀਗੜ੍ਹ : ਫ਼ਸਲ ਖ਼ਰੀਦ ਦੀ ਸਿੱਧੀ ਅਦਾਇਗੀ ਕਿਸਾਨਾਂ ਦੇ ਖਾਤੇ ‘ਚ ਪਾਉਣ ਦੇ ਮਾਮਲੇ ‘ਚ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਜੇ ਇਸ ਸਾਲ ਤੋਂ ਅਜਿਹਾ ਨਾ ਕੀਤਾ ਗਿਆ ਤਾਂ ਕੇਂਦਰ ਸਰਕਾਰ ਪੰਜਾਬ ਤੋਂ ਕਣਕ ਨਹੀਂ ਖ਼ਰੀਦੇਗੀ। ਕੇਂਦਰ ਨੇ ਪੰਜਾਬ ਨੂੰ ਇਹ ਝਟਕਾ ਉਸ ਸਮੇਂ ਦਿੱਤਾ ਜਦੋਂ ਦੋ ਦਿਨ ਬਾਅਦ ਸ਼ਨਿਚਰਵਾਰ (10 ਅਪ੍ਰੈਲ) ਤੋਂ ਪੰਜਾਬ ‘ਚ ਕਣਕ ਦੀ ਖਰੀਦ ਸ਼ੁਰੂ ਹੋਣੀ ਹੈ। ਉੱਧਰ, ਇਸ ਮੁੱਦੇ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ੁੱਕਰਵਾਰ ਨੂੰ ਪੰਜਾਬ ਦੇ ਆੜ੍ਹਤੀਆਂ ਨਾਲ ਬੈਠਕ ਕਰ ਸਕਦੇ ਹਨ। ਵੀਰਵਾਰ ਨੂੰ ਦਿੱਲੀ ‘ਚ ਕੇਂਦਰੀ ਖ਼ੁਰਾਕ ਤੇ ਸਪਲਾਈ ਮੰਤਰੀ ਪੀਊਸ਼ ਗੋਇਲ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ, ਖ਼ੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ, ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਤੇ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨਾਲ ਬੈਠਕ ਕੀਤੀ। ਗੋਇਲ ਨੇ ਸਿੱਧੀ ਅਦਾਇਗੀ ਦੇ ਮਾਮਲੇ ‘ਚ ਪੰਜਾਬ ਦੀਆਂ ਦਲੀਲਾਂ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਜੇ ਇਸ ਵਾਰੀ ਕਿਸਾਨਾਂ ਦੇ ਖਾਤੇ ‘ਚ ਸਿੱਧੀ ਅਦਾਇਗੀ ਨਹੀਂ ਕੀਤੀ ਗਈ ਤਾਂ ਇਸ ਹਾੜ੍ਹੀ ਦੇ ਸੀਜ਼ਨ ‘ਚ ਕੇਂਦਰ ਪੰਜਾਬ ਤੋਂ ਕਣਕ ਨਹੀਂ ਖ਼ਰੀਦੇਗਾ।
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਜਾਗਰਣ ਨਾਲ ਗੱਲਬਾਤ ਕਰਦਿਆਂ ਇਸ ਦੀ ਪੁਸ਼ਟੀ ਕੀਤੀ। ਮਨਪ੍ਰੀਤ ਨੇ ਕਿਹਾ ਕਿ ਜਦੋਂ ਕੇਂਦਰੀ ਮੰਤਰੀ ਨੂੰ ਏਪੀਐੱਮਸੀ ਐਕਟ ‘ਚ ਸਿੱਧੀ ਅਦਾਇਗੀ ਦੀ ਵਿਵਸਥਾ ਨਾ ਹੋਣ ਦੀ ਜਾਣਕਾਰੀ ਦਿੱਤੀ ਗਈ ਤਾਂ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਆਪਣੇ ਐਕਟ ‘ਚ ਬਦਲਾਅ ਕਰਨ ਦੀ ਸਲਾਹ ਦਿੱਤੀ। ਨਾਲ ਹੀ ਕਿਹਾ ਕਿ ਜਦੋਂ ਹੋਰ ਸੂਬਿਆਂ ‘ਚ ਸਿੱਧੀ ਅਦਾਇਗੀ ਹੋ ਰਹੀ ਹੈ ਤਾਂ ਪੰਜਾਬ ਇੰਜ ਕਿਉਂ ਨਹੀਂ ਕਰ ਸਕਦਾ।
ਮਨਪ੍ਰੀਤ ਨੇ ਕਿਹਾ ਕਿ ਪੰਜ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਹੋਈ ਇਸ ਬੈਠਕ ‘ਚ ਸਿੱਧੀ ਅਦਾਇਗੀ ਦੇ ਮੁੱਦੇ ਨੂੰ ਛੱਡ ਕੇ ਬਾਕੀ ਸਾਰੀਆਂ ਮੰਗਾਂ ਕੇਂਦਰੀ ਮੰਤਰੀ ਨੇ ਮੰਨ ਲਈਆਂ ਹਨ। ਫ਼ਸਲ ਖ਼ਰੀਦਣ ਦੇ ਨਾਲ ਜ਼ਮੀਨ ਰਿਕਾਰਡ ਦਾ ਵੇਰਵਾ ਦੇਣ ਦੀ ਸ਼ਰਤ ਨੂੰ ਛੇ ਮਹੀਨੇ ਲਈ ਟਾਲ਼ ਦਿੱਤਾ ਹੈ। ਹਾਲੇ ਇਹ ਤੈਅ ਨਹੀਂ ਹੋ ਰਿਹਾ ਸੀ ਕਿ ਠੇਕੇ ‘ਤੇ ਜ਼ਮੀਨ ਲੈ ਕੇ ਖੇਤੀ ਕਰ ਰਹੇ ਕਿਸਾਨਾਂ ਨੂੰ ਭੁਗਤਾਨ ਕਿਵੇਂ ਕੀਤਾ ਜਾਵੇਗਾ। ਗੋਇਲ ਨੇ ਕਿਹਾ ਕਿ ਇਸ ਲਈ ਬਕਾਇਦਾ ਸਿਸਟਮ ਤਿਆਰ ਕੀਤਾ ਜਾਵੇ।
ਛੇਤੀ ਚੁੱਕਿਆ ਜਾਵੇਗਾ ਅਨਾਜ, ਆੜ੍ਹੀਆਂ ਦੇ ਜਾਰੀ ਹੋਣਗੇ 200 ਕਰੋੜ ਰੁਪਏ
ਪੰਜਾਬ ‘ਚ ਖ਼ੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ 2019 ਤੋਂ ਪੰਜਾਬ ‘ਚ ਪਏ ਅਨਾਜ ਕਾਰਨ ਖਰੀਦ ਏਜੰਸੀਆਂ ਨੂੰ ਹੋ ਰਹੇ ਨੁਕਸਾਨ ਤੇ ਐੱਫਸੀਆਈ ਵੱਲੋਂ 1,600 ਕਰੋੜ ਦੀ ਅਦਾਇਗੀ ਰੋਕਣ ਦਾ ਮੁੱਦਾ ਉਠਾਇਆ ਜਿਸ ‘ਚ ਆੜ੍ਹਤੀਆਂ ਦਾ 200 ਕਰੋੜ ਰੁਪਏ ਕਮੀਸ਼ਨ ਵੀ ਸ਼ਾਮਲ ਹੈ। ਇਸ ਨੂੰ ਲੈ ਕੇ ਪੀਊਸ਼ ਗੋਇਲ ਨੇ ਕਿਹਾ ਕਿ ਕੇਂਦਰ ਨੇ ਅਨਾਜ ਚੁੱਕਣ ਦੀ ਯੋਜਨਾ ਤਿਆਰ ਕੀਤੀ ਹੈ, ਉਸ ਤਹਿਤ ਪੰਜਾਬ ਤੋਂ ਅਨਾਜ ਚੁੱਕਣ ਨੂੰ ਤਰਜੀਹ ਦਿੱਤੀ ਹੈ। ਇਸ ਦਾ ਅਸਰ ਛੇਤੀ ਦਿਖਾਈ ਦੇਵੇਗਾ। ਗੋਇਲ ਨੇ ਐੱਫਸੀਆਈ ਵੱਲੋਂ ਰੋਕੀ ਗਈ ਰਾਸ਼ੀ ਦਾ ਵੇਰਵਾ ਭੇਜਣ ਲਈ ਕਿਹਾ ਤੇ ਭਰੋਸਾ ਦਿੱਤਾ ਕਿ ਆੜ੍ਹਤੀਆਂ ਦੇ 200 ਕਰੋੜ ਰੁਪਏ ਛੇਤੀ ਜਾਰੀ ਕਰਵਾ ਦਿੱਤੇ ਜਾਣਗੇ।
ਆਰਡੀਐੱਫ ਮਾਮਲੇ ‘ਤੇ ਮੁੜ ਮੰਗਿਆ ਜਵਾਬ
ਝੋਨੇ ਦੇ ਖ਼ਰੀਦ ਸੀਜ਼ਨ ‘ਚ ਪੰਜਾਬ ਦੇ ਪੇਂਡੂ ਵਿਕਾਸ ਫੰਡ (ਆਰਡੀਐੱਫ) ਨੂੰ ਰੋਕੇ ਜਾਣ ਦੇ ਮੁੱਦੇ ‘ਤੇ ਪੀਊਸ਼ ਗੋਇਲ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਜਵਾਬ ਤੋਂ ਸੰਤੁਸ਼ਟ ਨਹੀਂ ਹਨ। ਜਦੋਂ ਮਨਪ੍ਰਰੀਤ ਬਾਦਲ ਨੇ ਕਿਹਾ ਕਿ ਇਹ ਸੂਬੇ ਦਾ ਸਟੈਚੁਰੀ ਟੈਕਸ ਹੈ ਤੇ ਉੱਥੇ ਖ਼ਰਚ ਹੋਇਆ ਹੈ ਜਿੱਥੇ ਖ਼ਰਚੇ ਦੀ ਵਿਵਸਥਾ ਹੈ ਤਾਂ ਕੇਂਦਰੀ ਮੰਤਰੀ ਨੇ ਦੁਬਾਰਾ ਜਵਾਬ ਭੇਜਣ ਲਈ ਕਿਹਾ ਹੈ।