ਜਲੰਧਰ – ਰੇਲਵੇ ਵਿਭਾਗ ਵੱਲੋਂ ਕੋਰੋਨਾ ਮਹਾਮਾਰੀ ਤੋਂ ਬਾਅਦ ਚਲਾਈਆਂ ਗਈਆਂ ਸਪੈਸ਼ਲ ਟਰੇਨਾਂ ਦੇ ਨਾਂ ’ਤੇ ਜ਼ਿਆਦਾ ਕਿਰਾਇਆ ਵਸੂਲਿਆ ਜਾ ਰਿਹਾ ਹੈ, ਜਿਸ ਕਾਰਨ ਯਾਤਰੀ ਬਹੁਤ ਨਾਰਾਜ਼ ਦਿਸ ਰਹੇ ਹਨ। ਯਾਤਰੀਆਂ ਦਾ ਕਹਿਣਾ ਹੈ ਕਿ ਟਰੇਨ ਵੀ ਉਹੀ, ਸਟਾਪੇਜ ਵੀ ਉਹੀ, ਸਮਾਂ ਵੀ ਪਹਿਲਾਂ ਜਿੰਨਾ ਹੀ ਲੱਗ ਰਿਹਾ ਹੈ ਪਰ ਕਿਰਾਇਆ ਜ਼ਿਆਦਾ ਵਸੂਲਿਆ ਜਾ ਰਿਹਾ ਹੈ। ਪੈਸੰਜਰ ਟਰੇਨਾਂ ਵਿਚ ਵੀ ਮੇਲ ਐਕਸਪ੍ਰੈੱਸ ਦਾ ਕਿਰਾਇਆ ਲਿਆ ਜਾ ਰਿਹਾ ਹੈ।
ਕੋਰੋਨਾ ਕਾਰਨ ਸ਼ਤਾਬਦੀ ਐਕਸਪ੍ਰੈਸ, ਸ਼ਾਨ-ਏ-ਪੰਜਾਬ ਐਕਸਪ੍ਰੈੱਸ, ਸੱਚਖੰਡ ਐਕਸਪ੍ਰੈੱਸ ਸਮੇਤ ਲਗਭਗ ਸਾਰੀਆਂ ਟਰੇਨਾਂ ਵਿਚ ਕੈਟਰਿੰਗ ਦੀ ਸਹੂਲਤ ਬੰਦ ਕਰ ਦਿੱਤੀ ਗਈ ਹੈ। ਕਈ ਟਰੇਨਾਂ ਦੇ ਕਿਰਾਏ ਵਿਚ ਖਾਣੇ ਦੇ ਪੈਸੇ ਸ਼ਾਮਲ ਨਾ ਹੋਣ ਦੇ ਬਾਵਜੂਦ ਯਾਤਰੀਆਂ ਨੂੰ ਜ਼ਿਆਦਾ ਪੈਸੇ ਭਰਨੇ ਪੈ ਰਹੇ ਹਨ।
ਜੇਕਰ ਸ਼ਤਾਬਦੀ ਐਕਸਪ੍ਰੈੱਸ ਵਿਚ ਜਲੰਧਰ ਤੋਂ ਨਵੀਂ ਦਿੱਲੀ ਤਕ ਦੇ ਕਿਰਾਏ ਦੀ ਗੱਲ ਕਰੀਏ ਤਾਂ ਚੇਅਰ ਕਾਰ ਦਾ ਬੇਸ ਫੇਅਰ (ਕਿਰਾਇਆ) 635 ਰੁਪਏ ਹੈ ਪਰ ਸੀਟਾਂ ਦੀ ਉਪਲੱਬਧਤਾ ਦੇ ਆਧਾਰ ’ਤੇ ਫਲੈਕਸੀ ਫੇਅਰ ਸਿਸਟਮ ਕਾਰਨ ਕਿਰਾਇਆ 200 ਤੋਂ 250 ਰੁਪਏ ਵਧਾ ਦਿੱਤਾ ਗਿਆ ਹੈ। ਤਤਕਾਲ ਬੁਕਿੰਗ ਕਰਵਾਉਣ ’ਤੇ ਕਿਰਾਇਆ ਲਗਭਗ ਗਿਆਰਾਂ ਸੌ ਰੁਪਏ ਤੱਕ ਪਹੁੰਚ ਜਾਂਦਾ ਹੈ। ਯਾਤਰੀਆਂ ਦਾ ਕਹਿਣਾ ਹੈ ਕਿ ਕੈਟਰਿੰਗ ਦੀ ਸਹੂਲਤ ਨਾ ਦੇ ਕੇ ਵੀ ਰੇਲਵੇ ਹਰ ਮਹੀਨੇ ਮੋਟੀ ਕਮਾਈ ਕਰ ਰਿਹਾ ਹੈ।