ਨਵੀਂ ਦਿੱਲੀ : ਮਹਾਰਾਸ਼ਟਰ ਸਰਕਾਰ ਨੇ ਕੋਰੋਨਾ ਇਨਫੈਕਸ਼ਨ ਵਧਣ ਦੇ ਮੱਦੇਨਜ਼ਰ ਬੁੱਧਵਾਰ ਰਾਤ ਅੱਠ ਵਜੇ ਤੋਂ 30 ਅਪ੍ਰਰੈਲ ਤਕ ਸੂਬਾ ਪੱਧਰੀ ਕਰਫਿਊ ਦਾ ਐਲਾਨ ਕੀਤਾ ਹੈ। ਮਹਾਰਾਸ਼ਟਰ ਦੇ ਨਾਲ ਹੀ ਦੇਸ਼ ਭਰ ਵਿਚ ਹਾਲਾਤ ਤੇਜ਼ੀ ਨਾਲ ਖ਼ਰਾਬ ਹੋ ਰਹੇ ਹਨ। ਦੇਸ਼ ਭਰ ਵਿਚ 1.66 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਮਿਲੇ ਹਨ ਜਿਨ੍ਹਾਂ ਵਿਚੋਂ ਇਕੱਲੀ ਮਹਾਰਾਸ਼ਟਰ ਵਿਚ ਹੀ 60 ਹਜ਼ਾਰ ਤੋਂ ਜ਼ਿਆਦਾ ਮਾਮਲੇ ਸ਼ਾਮਲ ਹਨ।
ਮਹਾਰਸ਼ਟਰ ਦੇ ਮੱੁਖ ਮੰਤਰੀ ਊਧਵ ਠਾਕਰੇ ਨੇ ਲੋਕਾਂ ਨੂੰ ਸੰਬੋਧਨ ਹੁੰਦਿਆਂ ਸੂਬੇ ਵਿਚ 15 ਦਿਨਾਂ ਲਈ ਕਰਫਿਊ ਲਾਉਣ ਦੇ ਫ਼ੈਸਲੇ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਲਾਕਡਊਨ ਵਰਗੀਆਂ ਪਾਬੰਦੀਆਂ ਦੇ ਨਾਲ-ਨਾਲ ਪੂਰੇ ਸੂਬੇ ਵਿਚ ਧਾਰਾ 144 ਵੀ ਲਾਗੂ ਰਹੇਗੀ।
ਇਸ ਦੌਰਾਨ ਦੇਰ ਰਾਤ ਤਕ ਮਿਲੇ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ ਦੇਸ਼ ਭਰ ਵਿਚ 1,66,495 ਨਵੇਂ ਮਾਮਲੇ ਮਿਲੇ ਹਨ ਤੇ 840 ਲੋਕਾਂ ਦੀ ਮੌਤ ਹੋਈ ਹੈ। ਦੇਸ਼ ਵਿਚ ਕੁੱਲ ਇਨਫੈਕਟਿਡ ਇਕ ਕਰੋੜ 38 ਲੱਖ 52 ਹਜ਼ਾਰ ਤੋਂ ਜ਼ਿਆਦਾ ਹੋ ਗਏ ਹਨ ਤੇ ਮਰਨ ਵਾਲਿਆਂ ਦੀ ਗਿਣਤੀ 1.71,929 ਹੋ ਗਈ ਹੈ। ਹਾਲਾਂਕਿ ਇਸ ਦੌਰਾਨ 76,478 ਲੋਕ ਠੀਕ ਵੀ ਹੋਏ ਹਨ ਤੇ ਠੀਕ ਹੋਣ ਵਾਲਿਆਂ ਦਾ ਕੁੱਲ ਅੰਕੜਾ 1.23 ਕਰੋੜ ਤੋਂ ਟੱਪ ਗਿਆ ਹੈ। ਸਰਗਰਮ ਮਾਮਲੇ ਵੱਧ ਕੇ 13.48 ਲੱਖ ਹੋ ਗਏ ਹਨ।