ਨਵੀਂ ਦਿੱਲੀ : ਰਾਜਧਾਨੀ ‘ਚ ਕੋਰੋਨਾ ਨਾਲ ਸਥਿਤੀ ਖ਼ਤਰਨਾਕ ਹੁੰਦੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਇਕ ਦਿਨ ‘ਚ 19,486 ਨਵੇਂ ਮਾਮਲੇ ਸਾਹਮਣੇ ਆਏ ਤੇ 141 ਮਰੀਜ਼ਾਂ ਦੀ ਮੌਤ ਹੋ ਗਈ। ਪਿਛਲੇ ਇਕ ਹਫਤੇ ‘ਚ ਸਰਗਰਮ ਮਰੀਜ਼ਾਂ ਦੀ ਗਿਣਤੀ 61 ਹਜ਼ਾਰ ਤੋਂ ਪਾਰ ਹੋ ਗਈ ਹੈ। ਹਾਲਾਤ ਇਹ ਹਨ ਕਿ ਹਸਪਤਾਲ ਭਰਨ ਲੱਗੇ ਹਨ।
ਸਿਹਤ ਵਿਭਾਗ ਮੁਤਾਬਕ, ਦਿੱਲੀ ‘ਚ ਹੁਣ ਤਕ ਕੁੱਲ ਅੱਠ ਲੱਖ ਤਿੰਨ ਹਜ਼ਾਰ 623 ਮਾਮਲੇ ਆ ਚੁੱਕੇ ਹਨ ਤੇ ਮਿ੍ਤਕਾਂ ਦੀ ਗਿਣਤੀ 11,793 ਤਕ ਪੁੱਜ ਗਈ ਹੈ। ਇਨ੍ਹਾਂ ‘ਚੋਂ 597 ਮਰੀਜ਼ਾਂ ਦੀ ਮੌਤ ਪਿਛਲੇ ਇਕ ਹਫਤੇ ‘ਚ ਹੋਈ ਹੈ। ਹਾਲਾਂਕਿ ਮੌਤ ਦਰ ‘ਚ ਥੋੜ੍ਹੀ ਕਮੀ ਆਈ ਹੈ ਤੇ ਇਹ 1.47 ਫੀਸਦੀ ‘ਤੇ ਹੈ ਪਰ ਇਨਫੈਕਸ਼ਨ ਦਰ 19.69 ਫੀਸਦੀ ਹੈ। ਪਿਛਲੇ 24 ਘੰਟਿਆਂ ‘ਚ 98,957 ਸੈਂਪਲਾਂ ਦੀ ਜਾਂਚ ਹੋਈ ਹੈ, ਜਿਸ ‘ਚੋਂ 19.69 ਫੀਸਦੀ ਸੈਂਪਲ ਪਾਜ਼ੇਟਿਵ ਪਾਏ ਗਏ ਹਨ। ਇਕ ਦਿਨ ਪਹਿਲਾਂ ਇਨਫੈਕਸ਼ਨ ਦਰ 20 ਫੀਸਦੀ ਤੋਂ ਜ਼ਿਆਦਾ ਸੀ। ਮਰੀਜ਼ਾਂ ਦੀ ਗਿਣਤੀ ਵਧਣ ਨਾਲ ਜ਼ਿਆਦਾਤਰ ਹਸਪਤਾਲਾਂ ‘ਚ ਬਿਸਤਰੇ ਭਰ ਚੁੱਕੇ ਹਨ। ਲੋਕਾਂ ਨੂੰ ਐਮਰਜੈਂਸੀ ਬਿਸਤਰੇ ਵੀ ਨਹੀਂ ਮਿਲ ਰਹੇ।
ਖੇਲ ਗਾਓਂ ‘ਚ ਦੁਬਾਰਾ ਮੁੜ ਸ਼ੁਰੂ ਹੋਵੇਗਾ ਕੋਵਿਡ ਕੇਅਰ ਸੈਂਟਰ
ਅਕਸ਼ਰਧਾਮ ਸਥਿਤ ਰਾਸ਼ਟਰੀ ਮੰਡਲ ਖੇਲ ਗਾਓਂ ‘ਚ ਇਕ ਵਾਰੀ ਫਿਰ ਤੋਂ ਕੋਵਿਡ ਕੇਅਰ ਸੈਂਟਰ ਬਣਾਉਣ ਦਾ ਕੰਮ ਸ਼ੁਰੂ ਹੋਗਿਆ ਹੈ। ਇੱਥੇ 500 ਬੈੱਡਾਂ ਦਾ ਸੈਂਟਰ ਤਿਆਰ ਕੀਤਾ ਜਾ ਰਿਹਾ ਹੈ। ਉਮੀਦ ਹੈ ਕਿ ਸੋਮਵਾਰ ਤਕ ਇਹ ਸੈਂਟਰ ਬਣ ਕੇ ਤਿਆਰ ਹੋ ਜਾਵੇਗਾ। ਜ਼ਿਲ੍ਹਾ ਅਧਿਕਾਰੀ ਸੋਨਿਕਾ ਸਿੰਘ ਨੇ ਕਿਹਾ ਕਿ ਹਲਕੇ ਲੱਛਣ ਵਾਲੇ ਮਰੀਜ਼ਾਂ ਨੂੰ ਇਸੇ ਸੈਂਟਰ ‘ਚ ਦਾਖ਼ਲ ਕੀਤਾ ਜਾਵੇਗਾ। ਇਸ ਸੈਂਟਰ ਦਾ ਸੰਚਾਲਨ ਡਾਕਟਰ ਫਾਰ ਯੂ ਸੰਸਥਾ ਕਰੇਗੀ।