ਪਟਿਆਲਾ : ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਬੇਅਦਬੀ (ਬਰਗਾੜੀ ਕਾਂਡ) ਅਤੇ ਚਿੱਟੇ ਦੇ ਮਾਮਲੇ ਨੂੰ ਲੈ ਕੇ ਅੱਜ ਇੱਥੇ ਆਪਣੀ ਹੀ ਸਰਕਾਰ ਨੂੰ ਘੇਰਦੇ ਨਜ਼ਰ ਆਏ। ਪੰਜਾਬ ਸਰਕਾਰ ਖ਼ਿਲਾਫ਼ ਉਹ ਭਾਵੇਂ ਕਿ ਪਹਿਲਾਂ ਵੀ ਟਿੱਪਣੀਆਂ ਕਰਦੇ ਰਹਿੰਦੇ ਹਨ, ਪਰ ਪਹਿਲਾਂ ਦੇ ਮੁਕਾਬਲੇ ਅੱਜ ਉਨ੍ਹਾਂ ਸਿੱਧੇ ਤੌਰ ’ਤੇ ਸਰਕਾਰ ’ਤੇ ਕਈ ਦੋਸ਼ ਲਾਏ। ਇੱਥੇ ਆਪਣੀ ਰਿਹਾਇਸ਼ ਵਿਚ ਅੱਜ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਜਦੋਂ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕਰ ਕੇ ਤਿਆਰ ਕਰਵਾਈਆਂ ਗਈਆਂ ਰਿਪੋਰਟਾਂ ਵਿਚ ਬਾਕਾਇਦਾ ਨਾਮ ਸ਼ਾਮਲ ਹੋ ਚੁੱਕੇ ਹਨ, ਤਾਂ ਇਸ ਸਬੰਧੀ ਦਰਜ ਕੀਤੀਆਂ ਗਈਆਂ ਐੱਫਆਈਆਰਜ਼ ਵਿੱਚ ਕਿਸੇ ਵੀ ਕਥਿਤ ਦੋਸ਼ੀ ਦਾ ਨਾਮ ਸ਼ਾਮਲ ਕਿਉਂ ਨਹੀਂ ਕੀਤਾ ਗਿਆ? ਉਨ੍ਹਾਂ ਦਾ ਕਹਿਣਾ ਸੀ ਕਿ ਐਨੇ ਲੰਬੇ ਸਮੇਂ ਦੇ ਬਾਵਜੂਦ ਐੱਫਆਈਆਰਜ਼ ਵਿਚ ਸਿਰਫ ਅਣਪਛਾਤਿਆਂ ਦਾ ਹੀ ਜ਼ਿਕਰ ਹੁੰਦੇ ਰਹਿਣਾ ਨਾ ਸਿਰਫ਼ ਸਰਕਾਰ ਦੀ ਨਾਲਾਇਕੀ ਹੀ ਸਾਬਿਤ ਕਰਦਾ, ਬਲਕਿ ਕਥਿਤ ਦੋਸ਼ੀਆਂ ਨੂੰ ਬਚਾਉਣ ਲਈ ਸਰਕਾਰ ਦੇ ਮਨਸੂਬਿਆਂ ਨੂੰ ਪੂਰੀ ਤਰ੍ਹਾਂ ਉਘਾੜਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਨਸ਼ਾ ਤਸਕਰੀ ਨੂੰ ਠੱਲ੍ਹ ਪਾਉਣ ਤੇ ਹੋਰ ਮਾਮਲਿਆਂ ਸਬੰਧੀ ਕੀਤੇ ਗਏ ਵਾਅਦਿਆਂ ਤਹਿਤ ਹੀ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਈ ਸੀ ਪਰ ਹੁਣ ਲੋਕਾਂ ਕੋਲ ਸਰਕਾਰ ਨੂੰ ਘੇਰ ਕੇ ਸਵਾਲ ਪੁੱਛਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ। ਨਸ਼ਾ ਤਸਕਰੀ ਦੇ ਮਾਮਲੇ ’ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਵਿੱਚ ਫੜੇ ਗਏ ਜਗਦੀਸ਼ ਭੋਲਾ ਅਤੇ ਬਿੱਟੂ ਔਲਖ ਵੱਲੋਂ ਸਪੱਸ਼ਟ ਤੌਰ ’ਤੇ ਲਏ ਗਏ ਕੁਝ ਪ੍ਰਮੁੱਖ ਵਿਅਕਤੀਆਂ ਦੇ ਨਾਮ ਐੱਫਆਈਆਰਜ਼ ਵਿੱਚ ਆਉਣੇ ਬਣਦੇ ਹਨ। ਬਾਵਜੂਦ ਇਸ ਦੇ ਸਰਕਾਰ ਨੇ ਭੋਲੇ ਅਤੇ ਬਿੱਟੂ ਵੱਲੋਂ ਲਏ ਗਏ ਨਾਵਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਉਹ ਪੰਜਾਬ ਵਿਧਾਨ ਸਭਾ ਸਮੇਤ ਕਈ ਹੋਰ ਪਲੇਟਫਾਰਮਾਂ ’ਤੇ ਉਠਾ ਚੁੱਕੇ ਹਨ ਪਰ ਜਦੋਂ ਇਸ ਦਾ ਕੋਈ ਅਸਰ ਨਾ ਹੋਇਆ ਤਾਂ ਅੱਜ ਮਜਬੂਰਨ ਉਨ੍ਹਾਂ ਨੂੰ ਦੁਬਾਰਾ ਫਿਰ ਇਹ ਮਾਮਲਾ ਮੀਡੀਆ ਦੇ ਧਿਆਨ ਵਿਚ ਲਿਆਉਣਾ ਪਿਆ ਕਿਉਂਕਿ ਚੋਣਾਂ ਦਾ ਸਮਾਂ ਨੇੜੇ ਆ ਗਿਆ ਹੈ ਤੇ ਲੋਕ ਸਰਕਾਰ ਤੋਂ ਜਵਾਬ ਮੰਗ ਰਹੇ ਨੇ। ਉਨ੍ਹਾਂ ਕਿਹਾ ਕਿ ਸੱਚ ਬੋਲਣ ਤੋਂ ਉਹ ਕਦੇ ਗੁਰੇਜ਼ ਨਹੀਂ ਕਰਦੇ।

Leave a Reply

Your email address will not be published. Required fields are marked *