ਰੂਪਨਗਰ – ਕਿਸਾਨਾਂ ਵੱਲੋਂ 6 ਮਹੀਨੇ ਖ਼ੂਨ ਪਸੀਨੇ ਨਾਲ ਪੁੱਤਾਂ ਵਾਂਗੂ ਪਾਲੀ ਕਣਕ ਦੀ ਫਸਲ ਸਰਕਾਰ ਦੇ ਮਾੜੇ ਪ੍ਰਬੰਧਾਂ ਦੇ ਕਾਰਨ ਰੂਪਨਗਰ ਦੀ ਅਨਾਜ ਮੰਡੀ ਦੇ ਵਿੱਚ ਖੁੱਲ੍ਹੇ ਆਸਮਾਨ ਥੱਲੇ ਮੀਂਹ ਦੇ ਵਿੱਚ ਤਰ ਹੁੰਦੀ ਰਹੀ । ਹਾਲਾਂਕਿ ਆੜ੍ਹਤੀਆਂ ਵੱਲੋਂ ਆਪਣੇ ਤੌਰ ‘ਤੇ ਤਰਪਾਲਾਂ ਪਾ ਕੇ ਕਣਕ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਫਟੀਆਂ ਹੋਈਆਂ ਤਰਪਾਲਾਂ ਮੀਂਹ ਦੇ ਪਾਣੀ ਤੋਂ ਕਣਕ ਨੂੰ ਬਚਾ ਨਾ ਸਕੀਆਂ । ਜ਼ਿਆਦਾਤਰ ਕਣਕ ਖ਼ਰੀਦ ਏਜੰਸੀਆਂ ਵੱਲੋਂ ਲਿਫਟਿੰਗ ਨਾ ਕਰਨ ਕਰਕੇ ਮੰਡੀਆਂ ਵਿੱਚ ਭਰੀਆਂ ਬੋਰੀਆਂ ਮੀਂਹ ਦੇ ਵਿੱਚ ਭਿੱਜੀਆ ਹਨ। ਬਰਸਾਤ ਕਾਰਨ ਖ਼ਰਾਬ ਹੋਈ ਕਣਕ ਨੂੰ ਲੈ ਆੜਤੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਇਕ ਤਰਫ ਤਾਂ ਨਿਅਮ ਬਣਾਏ ਗਏ ਹਨ ਕਿ 12 ਫੀਸਦੀ ਨਮੀ ਤੋਂ ਜ਼ਿਆਦਾ ਕਣਕ ਕਿਸਾਨਾਂ ਵੱਲੋਂ ਨਹੀਂ ਵੇਚੀ ਜਾ ਸਕਦੀ, ਜੇਕਰ ਕੋਈ ਕਿਸਾਨ ਇਸ ਤੋਂ ਵੱਧ ਨਮੀ ਵਾਲੀ ਕਣਕ ਮੰਡੀ ਵਿਚ ਲੈ ਆਉਂਦਾ ਹੈ ਤਾਂ ਉਸ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ।
ਪ੍ਰੰਤੂ ਜਿਸ ਤਰ੍ਹਾਂ ਖੁੱਲ੍ਹੇ ਆਸਮਾਨ ਦੇ ਵਿੱਚ ਸਰਕਾਰ ਵੱਲੋਂ ਖਰੀਦੀ ਕਰੋੜਾਂ ਦੀ ਕਣਕ ਪਾਣੀ ਵਿੱਚ ਤਰ ਹੋਈ ਹੈ ਇਸ ਦੇ ਨੁਕਸਾਨ ਲਈ ਕੌਣ ਜ਼ਿੰਮੇਵਾਰ ਹੈ..? ਕੀ ਇਸ ਦੀ ਨਮੀ ਦੇ ਕੋਈ ਮਾਪਦੰਡ ਤੈਅ ਕੀਤੇ ਜਾਣਗੇ ? ਇਹ ਕਿਸਾਨਾਂ ਦਾ ਸਰਕਾਰ ਦੇ ‘ਤੇ ਇੱਕ ਵੱਡਾ ਸਵਾਲ ਹੈ ।