ਤਰਨਤਾਰਨ – ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਾਬਕਾ ਜ਼ਿਲ੍ਹਾ ਜਰਨਲ ਸਕੱਤਰ ਜਸਵਿੰਦਰ ਕੌਰ ਦੇ ਘਰ ਐੱਸ.ਟੀ.ਐੱਫ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਦੌਰਾਨ ਜਸਵਿੰਦਰ ਕੌਰ ਦੇ ਘਰ ’ਚੋਂ 1 ਕਿਲੋ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਐੱਸ.ਟੀ.ਐੱਫ ਦੀ ਟੀਮ ਹੈਰੋਇਨ ਬਰਾਮਦ ਹੋਣ ’ਤੇ ਜਸਵਿੰਦਰ ਕੌਰ ਨੂੰ ਗ੍ਰਿਫ਼ਤਾਰ ਕਰਕੇ ਪਿੰਡ ਚੰਬਲ ਤੋਂ ਲੈ ਗਈ। ਦੱਸ ਦੇਈਏ ਕਿ ਪੁਲਸ ਜਸਵਿੰਦਰ ਕੌਰ ਦੇ ਨਾਲ-ਨਾਲ ਇਕ ਹੋਰ ਵਿਅਕਤੀ ਨੂੰ ਆਪਣੇ ਨਾਲ ਲੈ ਕੇ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਚੰਬਲ ਵਾਸੀ ਜਸਵਿੰਦਰ ਕੌਰ ਜੱਸੀ ਦੀ ਧੀ ਪੰਜਾਬ ਪੁਲਸ ਵਿੱਚ ਤਾਇਨਾਤ ਹੈ। ਪਿੰਡ ਵਿੱਚ ਦਾਖਲ ਹੋਣ ਤੋਂ ਬਾਅਦ ਪੁਲਸ ਵਲੋਂ ਉਨ੍ਹਾਂ ਦੇ ਘਰ ਰੇਡ ਕੀਤੀ। ਤਲਾਸ਼ੀ ਦੌਰਾਨ ਐੱਸ.ਟੀ.ਐੱਫ. ਦੀ ਟੀਮ ਨੂੰ ਘਰ ’ਚੋਂ ਹੈਰੋਇਨ ਬਰਾਮਦ ਹੋਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵਰਕਰ ਵੀ ਉਥੇ ਪਹੁੰਚ ਗਏ, ਜਿਨ੍ਹਾਂ ਨੂੰ ਰੋਕਣ ’ਤੇ ਉਹ ਵਾਪਸ ਚੱਲੇ ਗਏ।
ਐੱਸ.ਟੀ.ਐੱਫ. ਦੀ ਟੀਮ ਨੇ ਛਾਪੇਮਾਰੀ ਦੌਰਾਨ ਸਥਾਨਕ ਪੁਲਸ ਨੂੰ ਨਾ ਤਾਂ ਆਉਣ ਦੀ ਜਾਣਕਾਰੀ ਦਿੱਤੀ ਤੇ ਨਾ ਹੀ ਕਿਸੇ ਨੂੰ ਕੋਠੀ ’ਚ ਆਉਣ ਦਿੱਤਾ ਗਿਆ। ਘਰ ਦੀ ਤਲਾਸ਼ੀ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਚੱਲੀ, ਜਿਸ ਦੌਰਾਨ ਪੰਜਾਬ ਪੁਲਸ ਨੂੰ ਕਾਮਯਾਬੀ ਹਾਸਲ ਹੋਈ। ਇਸ ਬਾਰੇ ਜਸਵਿੰਦਰ ਕੌਰ ਦੇ ਪਰਿਵਾਰ ਦਾ ਕੀ ਕਹਿਣਾ ਹੈ, ਉਸ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।