ਫਰਿਜ਼ਨੋ (ਕੈਲੀਫੋਰਨੀਆ), 22 ਅਪ੍ਰੈਲ 2021 – ਨਿਊਯਾਰਕ ਦੇ ਲੋਂਗ ਆਈਲੈਂਡ ‘ਚ ਮੰਗਲਵਾਰ ਨੂੰ ਇੱਕ ਸਟਾਪ ਐਂਡ ਸ਼ਾਪ ਸਟੋਰ ‘ਤੇ ਹੋਈ ਗੋਲੀਬਾਰੀ ਵਿੱਚ , ਸਟੋਰ ਦੇ ਹੀ ਇੱਕ ਕਰਮਚਾਰੀ ਨੇ ਸਟੋਰ ਦੇ ਇੱਕ ਮੈਨੇਜਰ ਨੂੰ ਕਥਿਤ ਤੌਰ ‘ਤੇ ਮਾਰ ਦਿੱਤਾ ਅਤੇ ਨਾਲ ਹੀ ਦੋ ਸਹਿਕਰਮੀਆਂ ਨੂੰ ਜ਼ਖਮੀ ਕਰ ਦਿੱਤਾ। ਇਸ ਮਾਮਲੇ ਵਿੱਚ ਨਸਾਉ ਕਾਉਂਟੀ ਦੇ ਪੁਲਿਸ ਕਮਿਸ਼ਨਰ ਪੈਟਰਿਕ ਰਾਇਡਰ ਨੇ ਦੱਸਿਆ ਕਿ ਗੋਲੀਬਾਰੀ ਦੇ ਦੋਸ਼ੀ ਨੂੰ ਬਾਅਦ ਵਿੱਚ ਬਿਨਾਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਰਾਇਡਰ ਨੇ ਜਾਣਕਾਰੀ ਦਿੱਤੀ ਕਿ 31 ਸਾਲਾਂ ਹਮਲਾਵਰ ਗੈਬਰੀਅਲ ਡੇਵਿਟ ਵਿਲਸਨ, ਵੈਸਟ ਹੈਮਪਸਟੇਡ ਸਟੋਰ ਦੇ ਦੂਸਰੀ ਮੰਜ਼ਿਲ ਦੇ ਦਫਤਰਾਂ ਵਿੱਚ ਗਿਆ ਅਤੇ ਦੋ ਸਹਿ-ਕਰਮਚਾਰੀਆਂ ਨੂੰ ਗੋਲੀ ਮਾਰ ਦਿੱਤੀ, ਜਿਨ੍ਹਾਂ ਦੀ ਪਛਾਣ ਇੱਕ ਔਰਤ ਅਤੇ ਇੱਕ ਮਰਦ ਵਜੋਂ ਹੋਈ ਹੈ। ਇਸ ਉਪਰੰਤ ਉਸਨੇ ਫਿਰ ਮੈਨੇਜਰ ਨੂੰ ਜਾਨ ਤੋਂ ਮਾਰ ਦਿੱਤਾ। ਇਸ ਗੋਲੀਬਾਰੀ ਦੀ ਸੂਚਨਾ ਮਿਲਦਿਆਂ ਪੁਲਿਸ ਨੇ ਤੁਰੰਤ ਸਟੋਰ ਵਿੱਚ ਕਾਰਵਾਈ ਕੀਤੀ, ਜਿਥੇ ਸ਼ੱਕੀ ਨੂੰ ਭੱਜਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਹਿਰਾਸਤ ਵਿਚ ਲੈ ਲਿਆ ਗਿਆ। ਪੁਲਿਸ ਅਨੁਸਾਰ ਅਜੇ ਤੱਕ ਗੋਲੀਬਾਰੀ ਦੇ ਉਦੇਸ਼ ਸਪੱਸ਼ਟ ਨਹੀਂ ਹੋਏ ਹਨ । ਇਸ ਗੋਲੀਬਾਰੀ ਵਿੱਚ ਜਖਮੀ ਕਰਮਚਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।