ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ 2021- ਜ਼ਿਲਾ ਪ੍ਰਸਾਸ਼ਨ ਵੱਲੋਂ ਕੋਵਿਡ-19 ਦੇ ਵੱਧਦੇ ਪ੍ਰਭਾਵ ਦੇ ਚੱਲਦਿਆਂ ਹੁਣ ਜ਼ਿਲੇ ਅੰਦਰ ਦੁਕਾਨਾਂ ਬੰਦ ਕਰਨ ਲਈ ਰਾਤ 8 ਵਜੇ ਦਾ ਸਮਾਂ ਤੈਅ ਕੀਤਾ ਗਿਆ ਹੈ, ਪਰ ਫ਼ਿਰ ਵੀ ਜ਼ਿਲੇ ਅੰਦਰ ਪ੍ਰਸਾਸ਼ਨ ਦੇ ਇਸ ਨਿਯਮ ਦੀ ਉਲੰਘਣਾ ਪਹਿਲੇ ਦਿਨ ਤੋਂ ਹੀ ਜਾਰੀ ਹੈ, ਜਿਸ ਤੋਂ ਬਾਅਦ ਜ਼ਿਲਾ ਪੁਲਿਸ ਨੇ ਸਖਤੀ ਕਰਦਿਆਂ ਦੁਕਾਨਾਂ ’ਤੇ ਦਬਿਸ਼ ਦਿੱਤੀ, ਜਿੱਥੇ ਕੁੱਲ 10 ਜਣਿਆਂ ਨੂੰ ਪ੍ਰਸਾਸ਼ਨ ਦੇ ਤੈਅ ਸਮੇਂ ਤੋਂ ਬਾਅਦ ਵੀ ਦੁਕਾਨਾਂ ਖੋਲ੍ਹਣ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਹੈ। ਫੜ੍ਹੇ ਗਏ ਵਿਅਕਤੀਆਂ ਵਿਚੋਂ ਜ਼ਿਆਦਾਤਰ ਦੁਕਾਨਦਾਰ ਹੀ ਹਨ, ਜਦੋਂਕਿ ਜਨਤਕ ਥਾਵਾਂ ’ਤੇ ਵੀ ਬਾਹਰ ਘੁੰਮਣ ਵਾਲੇ ਦੋ ਵਿਅਕਤੀ ਸ਼ਾਮਲ ਹਨ। ਫੜ੍ਹੇ ਗਏ ਕਥਿਤ ਦੋਸ਼ੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 188 ਤੇ 269 ਤਹਿਤ ਮਾਮਲੇ ਦਰਜ ਕੀਤੇ ਗਏ ਹਨ।
ਇਹ ਹਨ ਵੱਖ-ਵੱਖ ਥਾਣਿਆਂ ’ਚ ਦਰਜ ਮਾਮਲੇ
-ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ-
-ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਰਾਤ 8 ਵਜੇ ਤੋਂ ਬਾਅਦ ਬੱਸ ਸਟੈਂਡ ਦੇ ਐਂਟਰੀ ਗੇਟ ’ਤੇ ਘੁੰਮ ਰਹੇ ਗੌਤਮ ਵਾਸੀ ਆਦਰਸ਼ ਨਗਰ ਸ੍ਰੀ ਮੁਕਤਸਰ ਸਾਹਿਬ ਨੂੰ ਕਾਬੂ ਕੀਤਾ ਹੈ।
-ਸਥਾਨਕ ਸ਼ੇਰ ਸਿੰਘ ਚੌਂਕ ’ਤੇ ਰਾਤ 8 ਵਜੇ ਤੋਂ ਬਾਅਦ ਪੱਠਿਆਂ ਦੀ ਟਾਲ ਵਾਲੀ ਦੁਕਾਨ ਖੋਲ੍ਹਣ ਵਾਲੇ ਰਾਜੀਵ ਕੁਮਾਰ ਵਾਸੀ ਜਗਮੀਤ ਬਰਾੜ ਵਾਲੀ ਗਲੀ ਨੂੰ ਕਾਬੂ ਕੀਤਾ ਗਿਆ ਹੈ।
-ਸਥਾਨਕ ਨਾਕਾ ਨੰਬਰ 6 ’ਤੇ ਰਾਤ ਸਮੇਂ ਦੁਕਾਨ ਖੋਲ੍ਹਣ ਵਾਲੇ ਦੁਕਾਨਦਾਰ ਜਗਸੀਰ ਸਿੰਘ ਵਾਸੀ ਗੋਨਿਆਣਾ ਰੋਡ ਨੂੰ ਕਾਬੂ ਕੀਤਾ ਗਿਆ ਹੈ।
-ਸਥਾਨਕ ਅਨਾਜ ਮੰਡੀ ’ਚ ਰਾਤ 8 ਵਜੇ ਤੋਂ ਬਾਅਦ ਖ਼ੋਖਾ ਖੋਲ੍ਹ ਕੇ ਬੈਠੇ ਟੋਨੀ ਵਾਸੀ ਸੁਭਾਸ਼ ਬਸਤੀ ਗਲੀ ਨੰਬਰ 7 ਨੂੰ ਪੁਲਿਸ ਨੇ ਮੌਕੇ ’ਤੇ ਕਾਬੂ ਕੀਤਾ ਹੈ।
-ਸਥਾਨਕ ਅਨਾਜ ਮੰਡੀ ਕੋਲ ਰਾਤ 8 ਵਜੇ ਤੋਂ ਬਾਅਦ ਪੱਠਿਆਂ ਦੀ ਟਾਲ ਖੋਲ੍ਹਣ ਦੇ ਦੋਸ਼ ਵਿਚ ਪੁਲਿਸ ਨੇ ਦੁਕਾਨ ਮਾਲਕ ਭੁਪਿੰਦਰ ਸਿੰਘ ਵਾਸੀ ਗੋਨਿਆਣਾ ਰੋਡ ਨੂੰ ਕਾਬੂ ਕੀਤਾ ਹੈ।
-ਅਨਾਜ ਮੰਡੀ ਕੋਲ ਰਾਤ ਸਮੇਂ ਰੇਹੜੀ ’ਤੇ ਮੀਟ ਵੇਚ ਰਹੇ ਰੇਹੜੀ ਮਾਲਕ ਨੂੰ ਪੁਲਸ ਨੇ ਕਾਬੂ ਕੀਤਾ ਹੈ, ਜਿਸਦੀ ਪਛਾਣ ਜੀਵਨ ਕੁਮਾਰ ਵਾਸੀ ਭੱਠੇ ਵਾਲੀ ਗਲੀ ਵਜੋਂ ਹੋਈ ਹੈ।
-ਸਿਟੀ ਪੁਲਿਸ ਮਲੋਟ-
-ਮੇਨ ਬਜ਼ਾਰ ਮਲੋਟ ’ਤੇ ਰਾਤ 8 ਵਜੇ ਤੋਂ ਬਾਅਦ ਪੀਜ਼ੇ ਦੀ ਦੁਕਾਨ ਖੋਲ੍ਹਣ ਦੇ ਦੋਸ਼ ਹੇਠ ਪੁਲਸ ਨੇ ਅਰੁਣ ਕੁਮਾਰ ਵਾਸੀ ਬਾਲਮੀਕੀ ਮੁਹੱਲਾ ਨੂੰ ਕਾਬੂ ਕੀਤਾ ਹੈ।
-ਰਾਤ 8 ਵਜੇ ਤੋਂ ਬਾਅਦ ਢਾਬਾ ਖੋਲ੍ਹਕੇ ਬੈਠੇ ਢਾਬਾ ਮਾਲਕ ਸਾਜਨ ਕੁਮਾਰ ਵਾਸੀ ਪਟੇਲ ਨਗਰ ਨੂੰ ਵੀ ਕਾਬੂ ਕੀਤਾ ਗਿਆ ਹੈ।
-ਗਿੱਦੜਬਾਹਾ-
-ਗਿੱਦੜਬਾਹਾ ਪੁਲਸ ਨੇ ਗਸ਼ਤ ਦੌਰਾਨ ਸ਼ਹਿਰ ਅੰਦਰ ਟੈਂਟ ਹਾਊਸ ’ਚ ਰਾਤ ਸਮੇਂ ਕੁੱਝ ਵਿਅਕਤੀਆਂ ਦਾ ਇਕੱਠ ਕਰਨ ਦੇ ਦੋਸ਼ ਹੇਠ ਟੈਂਟ ਮਾਲਕ ਦੀਪਕ ਕੁਮਾਰ ਵਾਸੀ ਗਿੱਦੜਬਾਹਾ ਨੂੰ ਕਾਬੂ ਕੀਤਾ ਹੈ।
-ਬਰੀਵਾਲਾ ਪੁਲਸ-
-ਥਾਣਾ ਬਰੀਵਾਲਾ ਦੀ ਪੁਲਸ ਟੀਮ ਨੇ ਪਿੰਡ ਹਰੀਕੇਕਲਾਂ ਵਿਖੇ ਰਾਤ 8 ਵਜੇ ਤੋਂ ਬਾਅਦ ਕਰਿਆਣੇ ਦੀ ਦੁਕਾਨ ਖੋਲ੍ਹਣ ਦੇ ਦੋਸ਼ ਹੇਠ ਦੁਕਾਨ ਮਾਲਕ ਜਗਦੀਸ਼ ਸਿੰਘ ਨੂੰ ਕਾਬੂ ਕੀਤਾ ਹੈ।