ਮਾਨਸਾ , 24 ਅਪ੍ਰੈਲ ( ਜਸਵੀਰ ਔਲਖ ) : ਮਾਨਸਾ ਨਗਰ ਕੌਂਸਲ ਦੀਆਂ ਚੋਣਾਂ ਤੋਂ ਬਾਅਦ ਪ੍ਰਧਾਨਗੀ ਦਾ ਰੇੜਕਾ ਚੱਲ ਰਿਹਾ ਸੀ ਜੋ ਕਿ ਕੱਲ੍ਹ ਜਸਬੀਰ ਕੌਰ ਚੌਹਾਨ ਦੇ ਪ੍ਰਧਾਨ ਬਣਨ ਤੇ ਖ਼ਤਮ ਹੋ ਗਿਆ। 27 ਕੌਂਸਲਰਾਂ ਵਾਲੀ ਨਗਰ ਕੌਂਸਲ ਮਾਨਸਾ ਦੀ ਪ੍ਰਧਾਨਗੀ ਤੇ ਕਾਂਗਰਸ ਦੀ ਜਸਵੀਰ ਕੌਰ ਚੌਹਾਨ ਪਹਿਲੀ ਮਹਿਲਾ ਪ੍ਰਧਾਨ ਵਜੋਂ ਕਾਬਜ਼ ਹੋ ਗਏ ਹਨ। ਅੱਜ ਬੱਚਤ ਭਵਨ ਵਿਖੇ ਸਰਦੂਲਗੜ ਦੀ ਐਸਡੀਐਮ ਤੇ ਚੋਣ ਕਮੇਟੀ ਦੀ ਕਨਵੀਨਰ ਸਰਬਜੀਤ ਕੌਰ ਦੀ ਦੇਖ-ਰੇਖ ਹੇਠ ਕਰਵਾਈ ਚੋਣ ਵਿਚ ਜਸਵੀਰ ਕੌਰ ਚੌਹਾਨ ਨੂੰ ਕੌਂਸਲਰਾਂ ਦੇ ਬਹੁਮਤ ਨੇ ਆਪਣਾ ਪ੍ਰਧਾਨ ਚੁਣ ਲਿਆ ਹੈ।ਇਸ ਮੀਟਿੰਗ ਵਿਚ ਸਹੁੰ ਚੁੱਕਣ ਤੋਂ ਬਾਅਦ ਕਾਂਗਰਸ ਸਮੇਤ ਆਜ਼ਾਦ 10 ਕੌਂਸਲਰਾਂ ਨੇ ਵਾਕਆਊਟ ਕਰ ਦਿੱਤਾ ਤੇ ਉਕਤ ਚੋਣ ਨੂੰ ਨਿਯਮਾਂ ਦੀ ਉਲੰਘਣਾ ਕਰਾਰ ਦਿੰਦਿਆਂ ਇਹ ਚੋਣ ਨਵੇਂ ਸਿਰੇ ਤੋਂ ਕਰਵਾਉਣ ਦੀ ਮੰਗ ਕੀਤੀ ਹੈ।

ਸ਼ੁੱਕਰਵਾਰ ਨੂੰ ਬੱਚਤ ਭਵਨ ਵਿਖੇ ਐਸਡੀਐਮ ਸਰਦੂਲਗੜ੍ਹ ਸਰਬਜੀਤ ਕੌਰ ਦੀ ਦੇਖ-ਰੇਖ ਹੇਠ ਕਰਵਾਈ ਚੋਣ ਵਿਚ ਕੌਂਸਲਰਾਂ ਨੇ ਵੋਟਾਂ ਦਾ ਬਹੁਮਤ ਦਿੰਦਿਆਂ ਵਾਰਡ ਨੰਬਰ 17 ਤੋਂ ਚੁਣੀ ਗਈ ਕੌਂਸਲਰ ਜਸਵੀਰ ਕੌਰ ਚੌਹਾਨ ਨੂੰ ਨਗਰ ਕੌਂਸਲ ਮਾਨਸਾ ਦਾ ਪ੍ਰਧਾਨ ਚੁਣ ਲਿਆ।ਉਹ ਨਗਰ ਕੌਂਸਲ ਮਾਨਸਾ ਦੇ ਇਤਿਹਾਸ ਵਿਚ ਕੌਂਸਲ ਦੀ ਪਹਿਲੀ ਮਹਿਲਾ ਪ੍ਰਧਾਨ ਬਣੇ ਹਨ।

ਇਸ ਚੋਣ ਦੌਰਾਨ ਕਾਂਗਰਸ ਦੀ ਜਸਵੀਰ ਕੌਰ ਚੌਹਾਨ ਨੂੰ ਕਾਂਗਰਸ , ਆਜ਼ਾਦ ਸਮੇਤ ਅਕਾਲੀ ਦਲ ਦੇ ਕੌਂਸਲਰਾਂ ਨੇ ਵੀ ਹਮਾਇਤ ਦਿੱਤੀ,ਜਿਸ ਵਿਚ17 ਕੌਂਸਲਰਾਂ ਨੇ ਹਿੱਸਾ ਲਿਆ। ਇਸ ਚੋਣ ਦੌਰਾਨ ਵਿਸ਼ਾਲ ਜੈਨ ਗੋਲਡੀ ਨੁੰ ਨਗਰ ਕੌਂਸਲ ਦਾ ਸੀਨੀਅਰ ਉਪ ਪ੍ਰਧਾਨ ਤੇ ਪਵਨ ਕੁਮਾਰ ਨੂੰ ਉਪ ਪ੍ਰਧਾਨ ਚੁਣ ਲਿਆ ਗਿਆ। ਇਸ ਮੌਕੇ ਬੋਲਦਿਆਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਬੇਸ਼ੱਕ ਇਸ ਚੋਣ ਪ੍ਰਕਿਰਿਆ ਦੌਰਾਨ ਕੁੱਝ ਕੌਂਸਲਰ ਵਾਕਆਊਟ ਕਰ ਗਏ ਹਨ,ਪਰ ਬਾਕੀ ਕੌਂਸਲਰਾਂ ਦੀ ਹਾਜ਼ਰੀ ਵਿਚ ਇਹ ਚੋਣ ਪਾਰਦਰਸ਼ੀ ਤੇ ਸ਼ਾਂਤਮਈ ਢੰਗ ਨਾਲ ਕਰਵਾਈ ਗਈ ਹੈ।ਉਨਾਂ ਕਿਹਾ ਕਿ ਸ਼ਹਿਰ ਦਾ ਵਿਕਾਸ ਕਰਵਾਉਣਾ ਵੀ ਪ੍ਰਮੁੱਖ ਏਜੰਡਾ ਹੋਵੇਗਾ। ਇਸ ਮੌਕੇ ਨਵਨਿਯੁਕਤ ਪ੍ਰਧਾਨ ਜਸਵੀਰ ਕੌਰ ਚੌਹਾਨ ਨੇ ਸ਼ਹਿਰ ਦੇ ਵਿਕਾਸ ਦਾ ਵਾਅਦਾ ਕਰਦਿਆਂ ਕਿਹਾ ਕਿ ਸਹਿਰ ਦੀ ਸਭ ਤੋਂ ਵੱਡੀ ਟੋਭੇ ਦੀ ਮੁਸਕਿਲ ਦਾ ਹੱਲ ਕਰਵਾ ਕੇ ਸ਼ਹਿਰ ਨੂੰ ਸਮੂਹ ਕੌਂਸਲਰਾਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੀ ਅਗਵਾਈ ਵਿਚ ਵਿਕਾਸ ਦੀਆਂ ਨਵੀਆਂ ਲੀਹਾਂ ਤੇ ਤੋਰਿਆ ਜਾਵੇਗਾ । ਉਨਾਂ ਇਸ ਦੌਰਾਨ ਸ਼ਹਿਰੀਆਂ ਤੇ ਕੋਂਸਲਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕੌਂਸਲਰ ਕੰਚਨ ਸੇਠੀ ,ਵਿਜੈ ਸਿੰਗਲਾ, ਆਯੂਸ਼ੀ ਸ਼ਰਮਾ ਆਦਿ ਹਾਜ਼ਰ ਸਨ।

10 ਕੌਂਸਲਰਾਂ ਨੇ ਕੀਤਾ ਚੋਣ ਮੀਟਿੰਗ ਚੋਂ ਵਾਕਆਊਟ

ਕਾਂਗਰਸ ਸਮੇਤ 10 ਕੌਂਸਲਰਾਂ ਨੇ ਨਗਰ ਕੌਂਸਲ ਦੀ ਪ੍ਰਧਾਨਗੀ ਲਈ ਰੱਖੀ ਗਈ ਚੋਣ ਮ੍ਰੀਟਿੰਗ ਚੋਂ ਵਾਕਆਊਟ ਕਰ ਦਿੱਤਾ। ਉਹ ਪ੍ਰਧਾਨਗੀ ਦੀ ਚੋਣ ਹੋਣ ਤੋਂ ਪਹਿਲਾਂ ਹੀ ਮੀਟਿੰਗ ਦਾ ਬਾਈਕਾਟ ਕਰਕੇ ਚਲੇ ਗਏ। ਕੌਂਸਲਰ ਪ੍ਰੇਮ ਸਾਗਰ ਭੋਲਾ ਤੇ ਪ੍ਰਵੀਨ ਗਰਗ ਟੋਨੀ ਨੇ ਕਿਹਾ ਕਿ ਮੀਟਿੰਗ ਤੋਂ 48 ਘੰਟੇ ਪਹਿਲਾਂ ਕੌਂਸਲਰਾਂ ਨੁੰ ਏਜੰਡਾ ਸੂਚਨਾ ਜਾਂ ਨੋਟਿਸ ਦੇਣਾ ਬਣਦਾ ਹੈ,ਪਰ ਮਾਨਸਾ ਦੇ ਕੌਂਸਲਰਾਂ ਨੂੰ ਮੀਟਿੰਗ ਤੋਂ ਕੁੱਝ ਘੰਟੇ ਪਹਿਲਾਂ ਹੀ ਇਸ ਦੀ ਸੂਚਨਾ ਮਿਲੀ। ਜਿਸ ਕਰਕੇ ਇਹ ਚੋਣ ਨਿਯਮਾਂ ਦੀ ਉਲੰਘਣਾ ਹੇਠ ਚੋਣ ਕੀਤੀ ਗਈ ਹੈ। ਜਿਸ ਦੀ ਉਹ ਦੁਬਾਰਾ ਚੋਣ ਕਰਵਾਉਣ ਦੀ ਮੰਗ ਕਰਦੇ ਹਨ।

Leave a Reply

Your email address will not be published. Required fields are marked *