ਨਵੀਂ ਦਿੱਲੀ (ਬਿਓਰੋ)— ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਨੂੰ ਐਤਵਾਰ ਦੀ ਸਵੇਰ ਨੂੰ 4 ਵਜ ਕੇ 15 ਮਿੰਟ ’ਤੇ 5 ਮੀਟ੍ਰਿਕ ਟਨ ਆਕਸੀਜਨ ਮਿਲੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹਸਪਤਾਲ ਦੇ ਇਕ ਬੁਲਾਰੇ ਨੇ ਦੇਰ ਰਾਤ ਕਰੀਬ 12 ਵਜ ਕੇ 45 ਮਿੰਟ ’ਤੇ ਕਿਹਾ ਕਿ ਇਹ ਆਕਸੀਜਨ ਦੋ ਘੰਟਿਆਂ ਤੱਕ ਚਲੇਗੀ। ਬੁਲਾਰੇ ਨੇ ਕਿਹਾ ਕਿ ਸਰ ਗੰਗਾਰਾਮ ਹਸਪਤਾਲ ਨੂੰ ਆਕਸੀਜਨ ਦੀ ਸਪਲਾਈ ਕਰਨ ਵਾਲਾ ਪ੍ਰਮੁੱਖ ਸਪਲਾਈਕਰਤਾ ਫ਼ਰੀਦਾਬਾਦ ਵਿਚ ਹੈ, ਜਿਸ ਨੇ ਤੜਕੇ 3 ਵਜੇ ਤੋਂ ਪਹਿਲਾਂ ਇਕ ਟੈਂਕਰ ਭੇਜਣਾ ਹੈ।
ਉਨ੍ਹਾਂ ਨੇ ਦੱਸਿਆ ਕਿ ਆਖ਼ਰਕਾਰ ਸਵੇਰੇ 4 ਵਜ ਕੇ 45 ਮਿੰਟ ’ਤੇ ਟੈਂਕਰ ਪਹੁੰਚ ਗਿਆ ਅਤੇ ਉਸ ਤੋਂ 5 ਮੀਟ੍ਰਿਕ ਟਨ ਆਕਸਜੀਨ ਦਿੱਤੀ ਗਈ। ਪਿਛਲੇ ਤਿੰਨ ਦਿਨਾਂ ਵਿਚ ਇਹ ਹਸਪਤਾਲ ਨੂੰ ਮਿਲੀ ਸਭ ਤੋਂ ਵੱਧ ਆਕਸੀਜਨ ਹੈ। ਬੁਲਾਰੇ ਮੁਤਾਬਕ ਇਹ ਆਕਸੀਜਨ 11 ਤੋਂ 12 ਘੰਟੇ ਤੱਕ ਚਲੇਗੀ। ਲੰਬੇ ਸਮੇਂ ਬਾਅਦ ਆਕਸੀਜਨ ਪੂਰੇ ਦਬਾਅ ’ਤੇ ਕੰਮ ਕਰ ਰਹੀ ਹੈ।
ਇਸ ਤੋਂ ਪਹਿਲਾਂ ਸ਼ਹਿਰ ਦੇ ਨਾਮਵਰ ਹਸਪਤਾਲ ਨੇ ਸ਼ਨੀਵਾਰ ਸਾਢੇ 10 ਵਜੇ ਇਕ ਹੋਰ ਜੀਵਨ ਰੱਖਿਆ ਸੰਦੇਸ਼ ਭੇਜਦੇ ਹੋਏ ਕਿਹਾ ਸੀ ਕਿ ਉਸ ਕੋਲ ਸਿਰਫ 45 ਮਿੰਟ ਤੱਕ ਸਪਲਾਈ ਲਈ ਆਕਸੀਜਨ ਬਚੀ ਹੈ ਅਤੇ 100 ਤੋਂ ਵੱਧ ਮਰੀਜ਼ਾਂ ਦੀ ਜ਼ਿੰਦਗੀ ਜ਼ੋਖਮ ਵਿਚ ਹੈ। ਆਮ ਆਦਮੀ ਪਾਰਟੀ ਦੇ ਸਥਾਨਕ ਵਿਧਾਇਕ ਰਾਘਵ ਚੱਢਾ ਦੀ ਮਦਦ ਨਾਲ ਸ਼ਨੀਵਾਰ ਦੇਰ ਰਾਤ ਕਰੀਬ 12 ਵਜ ਕੇ 20 ਮਿੰਟ ’ਤੇ ਹਸਪਤਾਲ ਨੂੰ ਇਕ ਟੈਂਕਰ ਮਿਲਿਆ, ਜਿਸ ਤੋਂ ਇਕ ਮੀਟ੍ਰਿਕ ਟਨ ਆਕਸੀਜਨ ਮਿਲੀ।