ਰਾਮਪੁਰਾ ਫੂਲ, (ਜਸਵੀਰ ਔਲਖ):- ਕੋਰੋਨਾ ਦੇ ਵੱਧਦੇ ਕੇਸਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਖ਼ਤੀ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਜਾਰੀ ਕੀਤੀਆਂ ਗਈਆਂ ਨਵੀਆਂ ਗਾਈਡਲਾਈਨ ਦੇ ਤਹਿਤ ਐਤਵਾਰ ਨੂੰ ਮੁਕੰਮਲ ਤੌਰ ’ਤੇ ਤਾਲਾਬੰਦੀ ਲਗਾਉਣ ਦੇ ਹੁਕਮ ਦਿੱਤੇ ਗਏ ਹਨ।
ਐਤਵਾਰ ਦੀ ਤਾਲਾਬੰਦੀ ਦਾ ਅਸਰ ਰਾਮਪੁਰਾ ਸ਼ਹਿਰ ’ਚ ਵੀ ਸਾਫ਼ ਵਿਖਾਈ ਦਿੱਤਾ। ਸ਼ਹਿਰ ਦੀਆਂ ਸੜਕਾਂ ’ਤੇ ਸੰਨਾਟਾ ਛਾਇਆ ਰਿਹਾ ਅਤੇ ਸਾਰੀਆਂ ਦੁਕਾਨਾਂ ਸਮੇਤ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ।
ਤਾਲਾਬੰਦੀ ਦੌਰਾਨ ਕੁਝ ਮੈਡੀਕਲ ਸਟੋਰ, ਹਸਪਤਾਲ ਅਤੇ ਜ਼ਰੂਰੀ ਵਸਤੂਆਂ ਦੀਆਂ ਹੀ ਦੁਕਾਨਾਂ ਖੁੱਲ੍ਹੀਆਂ ਨਜ਼ਰ ਆਈਆਂ। ਸ਼ਹਿਰ ਦੇ ਮੁੱਖ ਬਾਜ਼ਾਰ ਸਦਰ ਬਾਜ਼ਾਰ, ਫੂਲ ਬਾਜ਼ਾਰ, ਬੈਂਕ ਬਾਜ਼ਾਰ, ਨਿਊ ਮਾਰਕੀਟ, ਪੁਰਾਣੀ ਸਬਜ਼ੀ ਮੰਡੀ ਰੋਡ ਸਮੇਤ ਹੋਰ ਭੀੜ ਵਾਲੇ ਬਾਜ਼ਾਰਾਂ ’ਚ ਸੰਨਾਟਾ ਪਸਰਿਆ ਰਿਹਾ। ਇਥੋਂ ਤੱਕ ਕਿ ਐਤਵਾਰ ਦੇ ਦਿਨ ਲੱਗਣ ਵਾਲੀ ਮਾਰਕਿਟ ਵੀ ਨਹੀਂ ਲੱਗੀ। ਆਵਾਜਾਈ ਵੀ ਆਮ ਦਿਨਾਂ ਦੇ ਮੁਕਾਬਲੇ ਕਾਫ਼ੀ ਘੱਟ ਵਿਖਾਈ ਦਿੱਤੀ। ਕੁਝ ਬੱਸਾਂ ਅਤੇ ਵਪਾਰਕ ਵਾਹਨ ਹੀ ਸੜਕਾਂ ’ਤੇ ਵਿਖਾਈ ਦਿੱਤੇ।