ਭਵਾਨੀਗੜ੍ਹ – ਕੋਰੋਨਾ ਦਾ ਪ੍ਰਕੋਪ ਮੁੜ ਸ਼ੁਰੂ ਹੋਣ ਕਾਰਨ ਪੰਜਾਬ ਸਰਕਾਰ ਵੱਲੋਂ ਇਸ ਤੋਂ ਬਚਾਅ ਲਈ ਜਾਰੀ ਕੀਤੀਆਂ ਜ਼ਰੂਰੀ ਹਦਾਇਤਾਂ ਤਹਿਤ ਐਤਵਾਰ ਨੂੰ ਮੁਕੰਮਲ ਲਾਕਡਾਊਨ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਜਾਰੀ ਕੀਤੇ ਅੰਦੇਸ਼ਾਂ ਤਹਿਤ ਸਥਾਨਕ ਸ਼ਹਿਰ ਵਿਖੇ ਜਿਥੇ ਸਾਰੇ ਬਾਜ਼ਾਰ ਅਤੇ ਹੋਰ ਕਾਰੋਬਾਰ ਪੂਰੀ ਤਰ੍ਹਾਂ ਬੰਦ ਨਜ਼ਰ ਆਏ, ਉਥੇ ਸ਼ਹਿਰ ਦੀ ਨੈਸ਼ਨਲ ਹਾਈਵੇ ਸਮੇਤ ਹੋਰ ਸੜਕਾਂ ’ਤੇ ਜ਼ਿੰਦਗੀ ਦੀ ਰਫ਼ਤਾਰ ਪਹਿਲਾਂ ਦੀ ਤਰ੍ਹਾਂ ਦੋੜਦੀ ਨਜ਼ਰ ਆਈ। ਇਸ ਦੌਰਾਨ ਸ਼ਹਿਰ ’ਚ ਮਾਸਕ ਦੀ ਵਰਤੋਂ 30 ਤੋਂ 40 ਫੀਸਦੀ ਹੀ ਹੁੰਦੀ ਨਜ਼ਰ ਆਈ।

ਸਥਾਨਕ ਸ਼ਹਿਰ ਦੇ ਕੀਤੇ ਗਏ ਦੌਰੇ ਦੌਰਾਨ ਦੇਖਿਆ ਕਿ ਅੱਜ ਸ਼ਹਿਰ ਦੇ ਮੇਨ ਬਜ਼ਾਰ, ਮੁੱਖ ਸੜਕ ਸਮੇਤ ਹੋਰ ਬਜ਼ਾਰਾਂ ’ਚ ਮੈਡੀਕਲ ਸਟੋਰ, ਲਬਾਰਟਰੀ ਅਤੇ ਕਰਿਆਨੇ ਦੀਆਂ ਇੱਕਾ ਦੁੱਕਾ ਦੁਕਾਨਾਂ ਹੀ ਖੁੱਲ੍ਹੀਆਂ ਨਜ਼ਰ ਆਈਆਂ, ਜਦੋਂਕਿ ਬਾਕੀ ਦੁਕਾਨਾਂ ਅਤੇ ਹੋਰ ਕਾਰੋਬਾਰ ਪੂਰੀ ਤਰ੍ਹਾਂ ਬੰਦ ਪਏ ਸਨ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਦਵਾਈਆਂ ਵਾਲੀਆਂ ਦੁਕਾਨਾਂ ਦੇ ਨਾਲ-ਨਾਲ ਹੋਰ ਜ਼ਰੂਰੀ ਵਸਤੂਆਂ ਜਿਵੇ ਕਰਿਆਨਾਂ, ਦੁੱਧ ਅਤੇ ਸਬਜ਼ੀ ਵਾਲੀਆਂ ਦੁਕਾਨਾਂ ਨੂੰ ਖੋਹਲਣ ਦੀ ਅਨੁਮਤੀ ਦਿੱਤੀ ਹੋਈ ਸੀ ਪਰ ਬੀਤੇ ਦਿਨ ਹੋਈ ਅਨਾਉਸਮੈਂਟ ’ਚ ਇਨ੍ਹਾਂ ਦੁਕਾਨਾਂ ਨੂੰ ਖੋਹਲਣ ਦੀ ਅਨੁਮਤੀ ਸੰਬੰਧੀ ਨਾ ਦੱਸੇ ਜਾਣ ਕਾਰਨ ਸਬਜ਼ੀ ਅਤੇ ਦੁੱਧ ਵਾਲੀਆਂ ਦੁਕਾਨਾਂ ਬੰਦ ਹਨ। ਇਸੇ ਕਰਕੇ ਇਨ੍ਹਾਂ ਦੁਕਾਨਦਾਰਾਂ ’ਚ ਰੋਸ ਪਾਇਆ ਜਾ ਰਿਹਾ ਸੀ। 

ਸ਼ਹਿਰ ’ਚ ਮਹੀਨੇ ਦੇ ਹਰ ਆਖਰੀ ਐਤਵਾਰ ਨੂੰ ਕਰਿਆਨੇ ਦੀਆਂ ਦੁਕਾਨਾਂ ਐਸੋ. ਵੱਲੋਂ ਬੰਦ ਰੱਖਣ ਦਾ ਫ਼ੈਸਲਾ ਕੀਤੇ ਹੋਣ ਕਾਰਨ ਅੱਜ ਅਪ੍ਰੈਲ ਮਹੀਨੇ ਦਾ ਆਖਰੀ ਐਤਵਾਰ ਹੋਣ ਕਾਰਨ ਕਰਿਆਨੇ ਦੀਆਂ ਦੁਕਾਨਾਂ ਉਂਝ ਬੰਦ ਸਨ। ਸ਼ਹਿਰ ਦੀ ਨੈਸ਼ਨਲ ਹਾਈਵੇ ਸਮੇਤ ਹੋਰ ਸੜਕਾਂ ’ਤੇ ਵਾਹਨਾਂ ਦੀ ਆਵਾਜਾਈ ਆਮ ਦਿਨਾਂ ਵਾਂਗ ਨਜ਼ਰ ਆ ਰਹੀ ਸੀ ਅਤੇ ਸਰਕਾਰੀ ਬੱਸਾਂ ਆਮ ਦਿਨਾਂ ਵਾਂਗ ਹੀ ਆਪਣੇ ਰੂਟਾਂ ’ਤੇ ਬਾਹਲ ਸਨ।

ਸੜਕੀ ਆਵਾਜਾਈ ਆਮ ਹੋਣ ਕਾਰਨ ਇਹ ਲੱਗ ਰਿਹਾ ਸੀ ਕਿ ਜਿਵੇ ਲੋਕਾਂ ਨੂੰ ਅੱਜ ਦੁਕਾਨਾਂ ਅਤੇ ਹੋਰ ਕਾਰੋਬਾਰ ਬੰਦ ਕਰਕੇ ਆਪਣੀਆਂ ਰਿਸ਼ਤੇਦਾਰੀਆਂ ’ਚ ਘੁੰਮਣ ਜਾਣ ਦਾ ਮੌਕਾ ਮਿਲ ਗਿਆ ਹੋਵੇ। ਦੂਜੇ ਪਾਸੇ ਸੜਕਾਂ ’ਤੇ ਆਮ ਦਿਨਾਂ ਵਾਂਗ ਦੌੜ ਰਹੀ ਜ਼ਿੰਦਗੀ ਦੀ ਰਫ਼ਤਾਰ ਨੂੰ ਦੇਖ ਕੇ ਬੁੱਧੀਜੀਵੀ ਲੋਕਾਂ ਦਾ ਕਹਿਣਾ ਸੀ ਕਿ ਫਿਰ ਇਹ ਮੁਕੰਮਲ ਲਾਕਡਾਊਨ ਕਿਵੇ ਹੋਈਆਂ? ਕਿ ਲੋਕਾਂ ਦੇ ਇਕ ਜਗ੍ਹਾਂ ਤੋਂ ਦੂਜੀ ਥਾਂ ਆਉਣ ਜਾਣ ਨਾਲ ਕੋਰੋਨਾ ਫੈਲਣ ਦਾ ਕੋਈ ਖ਼ਤਰਾ ਨਹੀਂ? 

ਸੜਕਾਂ ’ਤੇ ਘੁੰਮ ਰਹੇ ਲੋਕਾਂ ’ਚੋਂ ਮਾਤਰ 30 ਤੋਂ 40 ਫੀਸਦੀ ਲੋਕਾਂ ਵੱਲੋਂ ਹੀ ਮਾਸਕ ਦੀ ਵਰਤੋਂ ਕੀਤੀ ਜਾ ਰਹੀ ਸੀ ਬਾਕੀ ਸਭ ਬਿਨ੍ਹਾਂ ਮਾਸਕ ਤੋਂ ਹੀ ਘੁੰਮ ਰਹੇ ਸਨ। ਦੁਕਾਨਦਾਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਰੋਜ਼ਾਨਾ ਰਾਤ ਨੂੰ ਦੁਕਾਨਾਂ ਬੰਦ ਕਰਨ ਦੇ ਸਮੇਂ ਨੂੰ ਰਾਤ 8:00 ਵਜੇ ਦੀ ਥਾਂ 9:00 ਵਜੇਂ ਕਰਕੇ ਦੁਕਾਨਦਾਰਾਂ ਨੂੰ ਇਕ ਘੰਟੇ ਦੀ ਹੋਰ ਛੂੱਟ ਦਿੱਤੀ ਜਾਵੇ, ਕਿਉਂਕਿ ਦਿਹਾੜੀਦਾਰ ਵਿਅਕਤੀ ਆਪਣੇ ਕੰਮਾਂ ਤੋਂ ਵੇਹਲੇ ਹੋ ਕੇ 8:00 ਹੀ ਖ੍ਰੀਦਦਾਰੀ ਲਈ ਬਜ਼ਾਰਾਂ ’ਚ ਪਰਤਦੇ ਹਨ। 8:00 ਵਜੇ ਦੇ ਬੰਦ ਦੇ ਫ਼ੈਸਲੇ ਨਾਲ ਰੇਹੜੀਆਂ ’ਤੇ ਖਾਣ ਪੀਣ ਦਾ ਅਤੇ ਹੋਰ ਸਮਾਨ ਵੇਚਣ ਵਾਲੇ ਵਿਅਕਤੀਆਂ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ।

Leave a Reply

Your email address will not be published. Required fields are marked *