ਰੂਪਨਗਰ, 26 ਅਪ੍ਰੈਲ (ਬਿਓਰੋ): ਦੇਸ਼ ਵਿੱਚ ਵਧ ਰਹੇ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਰੋਕਣ ਲਈ ਜਿੱਥੇ ਸਰਕਾਰਾਂ ਵੱਲੋਂ ਸੰਭਵ ਯਤਨ ਕੀਤੇ ਜਾ ਰਹੇ ਹਨ ਉਥੇ ਹੀ ਲੋਕਾਂ ਵੱਲੋਂ ਵੀ ਇਸ ਦੇ ਲਈ ਖੁਦ ਅੱਗੇ ਆ ਕੇ ਆਪਣੀਆਂ ਜਿੰਮੇਵਾਰੀਆਂ ਨਿਭਾਈਆਂ ਜਾ ਰਹੀਆਂ ਹਨ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਰਾਣਾ ਕੰਵਰਪਾਲ ਸਿੰਘ ਨੇ ਆਪਣੇ ਲੜਕੇ ਰਾਣਾ ਵਿਸ਼ਵ ਪਾਲ ਸਿੰਘ ਦੀ 07 ਮਈ ਨੂੰ ਹੋਣ ਵਾਲੀ ਸ਼ਾਦੀ ਨੂੰ ਰੱਦ ਕਰ ਦਿੱਤਾ ਹੈ। ਰਾਣਾ ਕੰਵਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 07 ਮਈ ਨੂੰ ਉਨ੍ਹਾਂ ਦੇ ਬੇਟੇ ਦੀ ਬਰਾਤ ਉਦੇਪੁਰ ਰਾਜਸਥਾਨ ਵਿੱਚ ਜਾਣੀ ਸੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਤਾਂ ਉਨ੍ਹਾਂ ਨੇ ਵਿਆਹ ਦੇ ਲਈ ਰੱਖੇ ਗਏ ਦੋ ਵੱਖ-ਵੱਖ ਪ੍ਰੋਗਰਾਮਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਸੀ ਪਰ ਹੁਣ ਕੋਰੋਨਾ ਦੇ ਲਗਾਤਾਰ ਵਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਉਨ੍ਹਾਂ ਨੇ ਸ਼ਾਦੀ ਨੂੰ ਵੀ ਰੱਦ ਕਰਨ ਦਾ ਫ਼ੈਸਲਾ ਕਰ ਦਿੱਤਾ ਹੈ ਅਤੇ ਆਪਣੇ ਵੀ ਸਾਰੇ ਹੀ ਪ੍ਰੋਗਰਾਮ ਰੱਦ ਕਰਕੇ ਉਨ੍ਹਾਂ ਨੂੰ ਅੱਗੇ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਦੇ ਘਟਣ ਤੋਂ ਬਾਅਦ ਨਵੀਂ ਤਾਰੀਖ਼ ਰੱਖੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਸਾਰੇ ਜ਼ਰੂਰੀ ਪ੍ਰੋਗਰਾਮ ਰੱਦ ਕਰਕੇ ਆਪਣੇ ਆਪ ਨੂੰ ਅਤੇ ਲੋਕਾਂ ਨੂੰ ਇਸ ਕੋਰੋਨਾ ਮਹਾਂਮਾਰੀ ਦੇ ਚੱਕਰ ਤੋਂ ਬਾਹਰ ਰੱਖਣ। ਉਨ੍ਹਾਂ ਨੇ ਕਿਹਾ ਕਿ ਜਾਨ ਪਹਿਲਾਂ ਜ਼ਰੂਰੀ ਹੈ ਇਸ ਲਈ ਕੋਰੋਨਾ ਸਬੰਧੀ ਦਿੱਤੇ ਗਏ ਨਿਯਮਾਂ ਦਾ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਭ ਨੂੰ ਪਾਲਣ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *