ਨਵੀਂ ਦਿੱਲੀ – ਕੋਵਿਡ -19 ਮਹਾਮਾਰੀ ਦੇ ਮੱਦੇਨਜ਼ਰ ਸਰਕਾਰ ਨੇ ਨਿਯਮਤ ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ 31 ਮਈ ਤੱਕ ਵਧਾ ਦਿੱਤੀ ਹੈ। ਸਿਵਲ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਅੱਜ ਇਕ ਸਰਕੂਲਰ ਜਾਰੀ ਕਰਦਿਆਂ ਕਿਹਾ ਹੈ ਕਿ ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ 31 ਮਈ ਦੀ ਰਾਤ 11.59 ਵਜੇ ਤੱਕ ਲਾਗੂ ਰਹੇਗੀ। ਅੰਤਰਰਾਸ਼ਟਰੀ ਕਾਰਗੋ ਆਪ੍ਰੇਸ਼ਨਾਂ ਅਤੇ ਡਾਇਰੈਕਟੋਰੇਟ ਜਨਰਲ ਵਲੋਂ ਵਿਸ਼ੇਸ਼ ਆਗਿਆ ਵਾਲੀਆਂ ਉਡਾਣਾਂ ‘ਤੇ ਇਹ ਪਾਬੰਦੀ ਲਾਗੂ ਨਹੀਂ ਹੋਵੇਗੀ। ਸਰਕੂਲਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਚੋਣਵੇਂ ਰੂਟਾਂ ‘ਤੇ ਨਿਯਮਤ ਅੰਤਰਰਾਸ਼ਟਰੀ ਉਡਾਣਾਂ ਦੀ ਆਗਿਆ ਦਿੱਤੀ ਜਾ ਸਕਦੀ ਹੈ। ਇਹ ਵਰਣਨਯੋਗ ਹੈ ਕਿ ਵੰਦੇ ਭਾਰਤ ਮਿਸ਼ਨ ਅਤੇ ਕੁਝ ਦੇਸ਼ਾਂ ਨਾਲ ਦੁਵੱਲੇ ਸਮਝੌਤਿਆਂ ਦੇ ਅਧਾਰ ਤੇ ਇਸ ਸ਼੍ਰੇਣੀ ਵਿਚ ਉਡਾਣਾਂ ਦੀ ਆਗਿਆ ਦਿੱਤੀ ਗਈ ਹੈ।
ਪਿਛਲੇ ਸਾਲ ਕੋਰੋਨੋ ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ ਤਾਲਾਬੰਦ ਹੋਣ ਕਾਰਨ ਉਡਾਣਾਂ ਦੀ ਆਵਾਜਾਈ ‘ਤੇ ਰੋਕ ਲਗਾ ਦਿੱਤੀ ਗਈ ਸੀ। ਹੁਣ ਲਗਭਗ ਦੋ ਮਹੀਨਿਆਂ ਬਾਅਦ ਉਡਾਣਾਂ ਦਾ ਸੰਚਾਲਨ ਦੁਬਾਰਾ ਚਾਲੂ ਹੋਇਆ ਸੀ। ਫਰਵਰੀ ਵਿਚ ਡੀ.ਜੀ.ਸੀ.ਏ. ਨੇ ਘੱਟੋ-ਘੱਟ ਕੀਮਤ ਬੈਂਡ ‘ਤੇ 10 ਪ੍ਰਤੀਸ਼ਤ ਅਤੇ ਵੱਧ ਤੋਂ ਵੱਧ ਕੀਮਤ ਵਾਲੇ ਬੈਂਡ ‘ਤੇ 30 ਪ੍ਰਤੀਸ਼ਤ ਦੀ ਲਿਮਟ ਨੂੰ ਵਧਾ ਦਿੱਤਾ ਸੀ।