ਮਲੋਟ, 30 ਅਪ੍ਰੈਲ 2021- ਅੱਜ ਸ਼ਾਮ ਵੇਲੇ ਫਾਜ਼ਿਲਕਾ ਤੋਂ ਮਲੋਟ ਰੋਡ ਤੇ ਸਾਈਡ ਦੇਣ ਤੋਂ ਹੋਏ ਝਗੜੇ ਕਾਰਨ ਕੁਝ ਵਿਅਕਤੀਆਂ ਨੇ ਰੋਡਵੇਜ ਦੀ ਬੱਸ ਦੇ ਸ਼ੀਸ਼ੇ ਤੋੜ ਦਿੱਤੇ। ਜਿਸ ਤੋਂ ਬਾਅਦ ਪੰਜਾਬ ਰੋਡਵੇਜ ਦੇ ਕਰਮਚਾਰੀਆਂ ਨੇ ਪਿੰਡ ਬੋਦੀਵਾਲਾ ਵਿਖੇ ਜਾਮ ਲਾ ਦਿੱਤਾ। ਸ਼ਾਮ ਵੇਲੇ ਪੁਲਸ ਅਧਿਕਾਰੀਆਂ ਨੇ ਮੌਕੇ ਤੇ ਪੁੱਜ ਕਿ ਇਸ ਵਿਵਾਦ ਨੂੰ ਸਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦੇਰ ਸ਼ਾਮ ਤੱਕ ਧਰਨਾ ਜਾਰੀ ਸੀ।
ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ ਦੀ ਬੱਸ ਨੰਬਰ ਪੀ ਬੀ 5 ਐਸ 9463 ਫਾਜ਼ਿਲਕਾ ਤੋਂ ਮਲੋਟ ਵੱਲ ਆ ਰਹੀ ਸੀ ਕਿ ਢਾਣੀ ਖਰਾਦਵਾਲਾ ਕੋਲ ਇਹ ਬੱਸ ਚਾਲਕ ਮਨਵੀਰ ਸਿੰਘ ਵੱਲੋਂ ਟਰਾਲੀ ਨੂੰ ਸਾਈਡ ਵੱਜ ਗਈ ਪਰ ਚਾਲਕ ਨੇ ਰੋਕਣ ਦੀ ਬਜਾਏ ਗੱਡੀ ਆਪਣੀ ਸਪੀਡ ਤੇ ਭਜਾ ਲਈ। ਉਧਰ ਪਿੱਛੋਂ ਟਰਾਲੀ ਦੇ ਮਾਲਕ ਕਿਸਾਨ ਇਕ ਬਲੈਰੋ ਗੱਡੀ ਤੇ ਸਵਾਰ ਹੋਕੇ ਆਏ ਅਤੇ ਪਿੰਡ ਬੋਦੀਵਾਲਾ ਵਿਖੇ ਆਕੇ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ ਜਿਸ ਤੋਂ ਬਾਅਦ ਵਿਵਾਦ ਵੱਧ ਗਿਆ ਅਤੇ ਰੋਡਵਜ ਕਰਮਚਾਰੀਆਂ ਨੇ ਬੱਸਾਂ ਇਕੱਠੀਆਂ ਕਰਕੇ ਮਲੋਟ ਫਾਜਿਲਕਾ ਹਾਈਵੇ ਤੇ ਜਾਮ ਲਾ ਦਿੱਤਾ।
ਉਧਰ ਬੱਸ ਵਿਚਲੀਆਂ ਸਵਾਰੀਆਂ ਨੇ ਦੋਸ਼ ਲਾਇਆ ਕਿ ਜਦੋਂ ਉਹ ਬੱਸ ਵਿਚ ਬੈਠੇ ਜਾਂ ਉਤਰ ਕਿ ਇਸ ਘਟਨਾ ਦੀ ਵੀਡੀਓ ਬਣਾ ਰਹੇ ਸਨ ਤਾਂ ਇਕ ਮਹਿਲਾ ਪੁਲਸ ਅਧਿਕਾਰੀ ਨੇ ਉਹਨਾਂ ਨਾਲ ਦੁਰਵਿਹਾਰ ਕੀਤਾ ਅਤੇ ਉਹਨਾਂ ਦੇ ਫੋਨ ਖੋਹਣ ਦੀ ਕੋਸ਼ਿਸ਼ ਕੀਤੀ। ਉਧਰ ਰੋਡਵੇਜ ਕਰਮਚਾਰੀ ਮਹਿਲਾ ਪੁਲਸ ਅਧਿਕਾਰੀ ਦੇ ਰਵਈਏ ਤੋਂ ਖਫਾ ਸਨ ਅਤੇ ਉਹਨਾਂ ਦਾ ਕਹਿਣਾ ਸੀ ਕਿ ਗੁੰਡਾ ਅਨਸਰਾਂ ਨੇ ਪਹਿਲਾਂ ਕਰਮਚਾਰੀਆਂ ਤੇ ਫਾਜਿਲਕਾ ਅਤੇ ਫਿਰ ਬੋਦੀਵਾਲਾ ਆਕੇ ਹਮਲਾ ਕੀਤਾ।ਪਰ ਪੁਲਸ ਰੋਡਵੇਰ ਕਰਮਚਾਰੀਆਂ ਦੀ ਗੱਲ ਸੁਨਣ ਦੀ ਬਜਾਏ ਗੁੰਡਾ ਅਨਸਰਾਂ ਦਾ ਸਾਥ ਦੇ ਰਿਹਾ ਹੈ।
ਉਹਨਾਂ ਚਿਤਾਵਨੀ ਦਿੱਤੀ ਕਿ ਜਿੰਨੀ ਦੇਰ ਡਰਾਇਵਰ ਕੰਡਕਟਰ ਉਪਰ ਜਾਨ ਲੇਵਾ ਹਮਲਾ ਕਰਨ ਵਾਲਿਆਂ ਅਰੋਪੀਆਂ ਵਿਰੁੱਧ ਪੁਲਸ ਕਾਰਵਾਈ ਨਹੀਂ ਕਰਦੀ ਉਨੀ ਦੇਰ ਧਰਨਾ ਜਾਰੀ ਰੱਖਿਆ ਜਾਵੇਗਾ। ਬਾਅਦ ਵਿਚ ਡੀ ਐਸ ਪੀ ਮਲੋਟ ਜਸਪਾਲ ਸਿੰਘ ਢਿੱਲੋਂ ਨੇ ਮੌਕੇ ਤੇ ਪੁੱਜ ਕਿ ਮਸਲਾ ਸਲਝਾਉਣ ਦੀ ਕੋਸ਼ਿਸ਼ ਕੀਤੀ ਪਰ ਖਬਰ ਲਿਖੇ ਜਾਣ ਤੱਕ ਰੌਲਾ ਜਾਰੀ ਸੀ।