ਚੰਡੀਗੜ੍ਹ : ਸੂਬੇ ਵਿਚ ਵੱਧਦੇ ਕੋਵਿਡ ਮਾਮਲਿਆਂ ਨੂੰ ਧਿਆਨ ਵਿਚ ਰੱਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਬੰਦੀਆਂ ਹੋਰ ਸਖ਼ਤ ਕਰ ਦਿੱਤੀਆਂ ਹਨ। ਪੰਜਾਬ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਪਬਲਿਕ ਟਰਾਂਸਪੋਰਟ ਜਿਵੇਂ ਬੱਸਾਂ, ਟੈਕਸੀਆਂ ਤੇ ਆਟੋਜ਼ ਵਿਚ ਕੁਲ ਸਮਰੱਥਾ ਦੀਆਂ 50 ਫੀਸਦੀ ਸਵਾਰੀਆਂ ਨੂੰ ਹੀ ਬਿਠਾਇਆ ਜਾ ਸਕੇਗਾ।

ਨੋਟੀਫਿਕੇਸ਼ਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਸੂਬੇ ਵਿਚ ਹਰ ਤਰ੍ਹਾਂ ਦੀਆਂ ਸਿਆਸੀ ਸਰਗਰਮੀਆਂ ’ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਗਈ ਹੈ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ’ਤੇ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ। ਸਬੰਧਤ ਥਾਵਾਂ ’ਤੇ ਸਮਾਗਮ ਲਈ ਟੈਂਟ ਤੇ ਹੋਰ ਸਮੱਗਰੀ ਮੁਹੱਈਆ ਕਰਵਾਉਣ ਵਾਲਿਆਂ ’ਤੇ ਵੀ ਕੇਸ ਦਰਜ ਹੋਵੇਗਾ। ਜਿਹੜੇ ਵੀ ਵਿਅਕਤੀ ਧਾਰਮਿਕ, ਸਿਆਸੀ ਤੇ ਸਮਾਜਿਕ ਇਕੱਠ ਵਿਚ ਹਿੱਸਾ ਲੈਣਗੇ, ਉਨ੍ਹਾਂ ਨੂੰ 5 ਦਿਨਾਂ ਲਈ ਘਰਾਂ ਵਿਚ ਲਾਜ਼ਮੀ ਤੌਰ ’ਤੇ ਕੁਆਰੰਟਾਈਨ ਕੀਤਾ ਜਾਵੇਗਾ ਅਤੇ ਪ੍ਰੋਟੋਕਾਲ ਅਨੁਸਾਰ ਉਨ੍ਹਾਂ ਨੂੰ ਕੋਵਿਡ ਟੈਸਟ ਕਰਵਾਉਣਾ ਪਵੇਗਾ।

ਸਾਰੀਆਂ ਵਿੱਦਿਅਕ ਸੰਸਥਾਵਾਂ ਜਿਵੇਂ ਸਕੂਲ ਤੇ ਕਾਲਜ ਪੂਰੀ ਤਰ੍ਹਾਂ ਬੰਦ ਰਹਿਣਗੇ ਪਰ ਸਰਕਾਰੀ ਸਕੂਲਾਂ ਦੇ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਨੂੰ ਡਿਊਟੀ ’ਤੇ ਆਉਣਾ ਪਵੇਗਾ। ਸਾਰੇ ਮੈਡੀਕਲ ਤੇ ਨਰਸਿੰਗ ਕਾਲਜ ਖੁੱਲ੍ਹੇ ਰਹਿਣਗੇ। ਸਰਕਾਰ ਨੇ ਹਰ ਤਰ੍ਹਾਂ ਦੀਆਂ ਭਰਤੀ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਹੈ। ਇਹ ਪਾਬੰਦੀਆਂ 15 ਮਈ, 2021 ਤਕ ਲਾਗੂ ਰਹਿਣਗੀਆਂ। ਸਾਰੇ ਹਫਤਾਵਾਰੀ ਬਾਜ਼ਾਰ ਜਿਵੇਂ ਮੰਡੀਆਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਇਸੇ ਤਰ੍ਹਾਂ ਸਾਰੇ ਸਮਾਜਿਕ, ਸੱਭਿਆਚਾਰਕ ਤੇ ਖੇਡਾਂ ਸਬੰਧੀ ਇਕੱਠਾਂ ’ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ।

ਇਸ ਤੋਂ ਇਲਾਵਾ ਸਾਰੇ ਪ੍ਰਾਈਵੇਟ ਦਫ਼ਤਰਾਂ ਜਿਨ੍ਹਾਂ ਵਿਚ ਸੇਵਾ ਉਦਯੋਗ ਵੀ ਸ਼ਾਮਲ ਹੈ, ਨੂੰ ਵਰਕ ਫ੍ਰਾਮ ਹੋਮ ਦੀ ਮਨਜ਼ੂਰੀ ਦਿੱਤੀ ਗਈ ਹੈ। ਸਰਕਾਰੀ ਦਫਤਰਾਂ ਵਿਚ 45 ਸਾਲ ਤੇ ਉਸ ਤੋਂ ਵੱਧ ਉਮਰ ਦੇ ਹੈਲਥ ਤੇ ਫਰੰਟਲਾਈਨ ਵਰਕਰਾਂ ਜਿਨ੍ਹਾਂ ਪਿਛਲੇ 15 ਦਿਨਾਂ ਦੌਰਾਨ ਟੀਕੇ ਦੀ ਇਕ ਵੀ ਡੋਜ਼ ਨਹੀਂ ਲਈ, ਨੂੰ ਛੁੱਟੀ ’ਤੇ ਭੇਜਿਆ ਜਾਵੇਗਾ ਅਤੇ ਜਦੋਂ ਤਕ ਉਹ ਵੈਕਸੀਨ ਨਹੀਂ ਲਵਾਉਂਦੇ, ਉਨ੍ਹਾਂ ਨੂੰ ਘਰਾਂ ’ਚ ਰਹਿਣਾ ਪਵੇਗਾ। ਉੱਚ ਮੌਤ ਦਰ ਵਾਲੇ ਖੇਤਰਾਂ ਵਿਚ ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾਏ ਜਾਣਗੇ।

Leave a Reply

Your email address will not be published. Required fields are marked *