ਬਠਿੰਡਾ : ਲਾਕਡਾਊਨ ਦਾ ਵਿਰੋਧ ਕਰਦਿਆਂ ਦੁਕਾਨਦਾਰਾਂ ਵਲੋਂ ਫੌਜੀ ਚੌਕ ਵਿਖੇ ਚੱਕਾ ਜਾਮ ਕਰਕੇ ਸੂਬਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਦੁਕਾਨਦਾਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਸਖ਼ਤੀ ਦੇ ਵਿਰੋਧ ਵਿਚ ਨਾਅਰੇਬਾਜ਼ੀ ਕਰਕੇ ਗੁੱਸਾ ਕੱਢਿਆ। ਇਸ ਪ੍ਰਦਰਸ਼ਨ ਦੌਰਾਨ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕੁਝ ਲੋਕ ਮੌਕੇ ‘ਤੇ ਪਹੁੰਚੇ ਕੋਤਵਾਲੀ ਪੁਲਸ ਨਾਲ ਉਲਝ ਗਏ। ਪੁਲਸ ਨੇ ਮੌਕੇ ‘ਤੇ ਹੀ 2-3 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਦੁਕਾਨਦਾਰਾਂ ਦਾ ਧਰਨਾ ਇਸ ਤੋਂ ਬਾਅਦ ਵੀ ਜਾਰੀ ਰਿਹਾ।
ਪਤਾ ਲੱਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ’ਚੋਂ 2 ਲੋਕ ਦੁਕਾਨਦਾਰ ਨਹੀਂ ਸਗੋਂ ਰਾਹਗੀਰ ਸਨ ਅਤੇ ਪੁਲਸ ਦੇ ਨਾਲ ਉਲਝਣ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਧਰਨੇ ਦੌਰਾਨ ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਸਾਲ ਲਗਾਏ ਗਏ ਲਾਕਡਾਊਨ ਦੇ ਨੁਕਸਾਨ ਦੀ ਪੂਰਤੀ ਅਜੇ ਤੱਕ ਨਹੀ ਹੋਈ ਅਤੇ ਹੁਣ ਸਰਕਾਰ ਨੇ ਫ਼ਿਰ ਤੋਂ ਲਾਕਡਾਊਨ ਲਗਾ ਦਿੱਤਾ ਹੈ, ਜਿਸ ਨਾਲ ਹਰ ਰੋਜ਼ ਕਮਾ ਕੇ ਖਾਣ ਵਾਲੇ ਆਮ ਆਦਮੀ ਨੂੰ ਭਾਰੀ ਮੁਸ਼ਕਲਾਂ ਨਾਲ ਜੂਝਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਤਾਲਾਬੰਦੀ ਦੌਰਾਨ ਲੋਕਾਂ ਨੂੰ ਕੋਈ ਸੁਵਿਧਾ ਨਹੀਂ ਦਿੱਤੀ ਜਾਂਦੀ। ਹਰ ਪਰਿਵਾਰ ਨੂੰ ਬੈਂਕ ਦੀ ਕਿਸ਼ਤਾਂ, ਬੱਚਿਆਂ ਦੀ ਫੀਸ, ਵਾਹਨ ਦੀਆਂ ਕਿਸ਼ਤਾਂ, ਬਿਜਲੀ ਦੇ ਬਿੱਲ ਆਦਿ ਵੀ ਅਦਾ ਕਰਨੇ ਹੀ ਪੈਂਦੇ ਹਨ ਜਦਕਿ ਕਮਾਈਆਂ ਬੰਦ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਲਾਕਡਾਊਨ ਲਗਾਉਣ ਦੀ ਬਜਾਏ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਜਾਵੇ ਤਾਂ ਜੋ ਇਸ ਮਹਾਮਾਰੀ ਦਾ ਤੋਂ ਬਚਿਆ ਜਾ ਸਕੇ।