ਜਲੰਧਰ : ਪੰਜਾਬ ਸਰਕਾਰ ਵਲੋਂ ਮਿੰਨੀ ਲਾਕਡਾਊਨ ਲਗਾਉਣ ਦੇ ਬਾਅਦ ਪੰਜਾਬ ਰੋਡਵੇਜ਼ ਨੇ 1 ਦਿਨ ਦੇ ਲਈ ਇੰਟਰਸਟੇਟ (ਦੂਜੇ ਰਾਜਾਂ ਦੇ ਲਈ ਚੱਲਣ ਵਾਲੀਆਂ ਬੱਸਾਂ) ਬੱਸਾਂ ਦੀ ਆਵਾਜਾਈ ਬੰਦ ਕੀਤੀ ਸੀ ਪਰ ਯਾਤਰੀਆਂ ਦੀ ਸੁਵਿਧਾ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਸੋਮਵਾਰ ਸ਼ਾਮ ਨੂੰ ਬੱਸਾਂ ਚਲਾਉਣ ਦਾ ਫੈਸਲਾ ਲਿਆ ਹੈ। ਇਸ ਨੂੰ ਦੇਖਦੇ ਹੋਏ ਅੱਜ ਇੰਟਰਸਟੇਟ ਬੱਸਾਂ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ ਗਿਆ।
ਜਲੰਧਰ ਡਿਪੋ ਦੋ ਦੀਆਂ ਬੱਸਾਂ ਸਵੇਰੇ ਹਿਮਾਚਲ ਦੇ ਲਈ ਰਵਾਨਾ ਹੋਈਆਂ। ਇਸ ਦੇ ਨਾਲ-ਨਾਲ ਦਿੱਲੀ ਹਰਿਦੁਆਰ ਉਤਰਾਖੰਡ ਦੇ ਟਨਕਪੁਰ ਆਦਿ ਦੇ ਲਈ ਬੱਸਾਂ ਵੀ ਰਵਾਨਾ ਕੀਤੀਆਂ ਗਈਆਂ। ਜਿੱਥੇ ਇਕ ਪਾਸੇ ਜਲੰਧਰ ਡਿਪੋ ਵਲੋਂ ਇੰਟਰਸਟੇਟ ਸ਼ੁਰੂ ਕੀਤਾ ਗਿਆ ਹੈ, ਉੱਥੇ ਦੂਜੇ ਡਿਪੂਆਂ ’ਚ ਵੀ ਬੱਸਾਂ ਦੀ ਆਵਾਜਾਈ ਨੂੰ ਵਧਾਇਆ ਗਿਆ ਹੈ। ਜਲੰਧਰ ’ਚ ਅੱਜ ਪਠਾਨਕੋਟ ,ਹੁਸ਼ਿਆਰਪੁਰ, ਨਵਾਂਸ਼ਹਿਰ ਆਦਿ ਡਿਪੋ ਦੀਆਂ ਬੱਸਾਂ ਦਿੱਲੀ ਆਦਿ ਦੇ ਲਈ ਰਵਾਨਾ ਹੋਈਆਂ ਹਨ।
ਦੁਪਹਿਰ 2.30 ਵਜੇ ਤੱਕ ਜ਼ਿਆਦਾਤਰ ਸਰਕਾਰੀ ਬੱਸਾਂ ਹੀ ਅੱਡੇ ’ਚ ਦੇਖਣ ਨੂੰ ਮਿਲੀਆਂ। ਪ੍ਰਾਈਵੇਟ ਬੱਸਾਂ ਦੀ ਆਵਾਜਾਈ ਬੇਹੱਦ ਘੱਟ ਰਹੀ ਅਤੇ ਯਾਤਰੀ ਵੀ ਘੱਟ ਗਿਣਤੀ ’ਚ ਦੇਖੇ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਜਸਥਾਨ ਦੇ ਲਈ ਬੱਸਾਂ ਚਲਾਉਣ ’ਤੇ ਸਹਿਮਤੀ ਬਣ ਰਹੀ ਹੈ। ਹਿਮਾਚਲ ਦੇ ਲਈ 4 ਬੱਸਾਂ ਭੇਜੀਆਂ ਗਈਆਂ ਹਨ ਜੋ ਕਿ ਜਵਾਲਾ ਜੀ, ਧਰਮਸ਼ਾਲਾ ਅਤੇ ਸ਼ਿਮਲਾ ਰੂਟ ਦੇ ਲਈ ਰਵਾਨਾ ਹੋਈਆਂ ਹਨ।