ਮੋਹਾਲੀ – ਪੰਜਾਬ ਵਿਜੀਲੈਂਸ ਬਿਊਰੋ ਨੇ ਮੋਹਾਲੀ ਜ਼ਿਲ੍ਹੇ ਦੇ ਪਿੰਡਾਂ ਦੀ ਬਹੁਕੀਮਤੀ ਜਮੀਨ ਉਪਰ ਲੈਂਡਮਾਫੀਆ ਵੱਲੋ ਮਾਲ ਅਧਿਕਾਰੀਆਂ ਨਾਲ ਮਿਲੀਭੁਗਤ ਰਾਹੀਂ ਮਾਲ ਰਿਕਾਰਡ ਵਿੱਚ ਹੇਰਾਫੇਰੀ ਕਰਕੇ ਕਾਬਜ਼ ਹੋਣ ਜਾਂ ਮੁਨਾਫਾ ਖੱਟਣ ਲਈ ਕੀਤੇ ਵੱਡੇ ਘਪਲੇ ਦਾ ਪਰਦਾਫਾਸ਼ ਕੀਤਾ ਹੈ।
ਇਸ ਸਬੰਧੀ ਚਾਰ ਮਾਲ ਅਧਿਕਾਰੀਆਂ ਸਮੇਤ 7 ਪ੍ਰਾਈਵੇਟ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ 4 ਦੋਸ਼ੀਆਂ ਇਕਬਾਲ ਸਿੰਘ ਪਟਵਾਰੀ ਸਮੇਤ ਪ੍ਰਾਈਵੇਟ ਵਿਅਕਤੀਆਂ ਵਿੱਚੋਂ ਰਵਿੰਦਰ ਸਿੰਘ, ਪਰਮਜੀਤ ਸਿੰਘ ਅਤੇ ਹੰਸਰਾਜ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿੰਨਾਂ ਨੂੰ ਸਥਾਨਕ ਅਦਾਲਤ ਵੱਲੋਂ ਤਿੰਨ ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ, ਜਦਕਿ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ।
ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ-ਕਮ-ਡੀ.ਜੀ.ਪੀ-ਬੀ.ਕੇ. ਉੱਪਲ ਨੇ ਦੱਸਿਆ ਕਿ ਪ੍ਰਾਪਰਟੀ ਡੀਲਰਾਂ ਅਤੇ ਭੂ-ਮਾਫੀਆਂ ਨਾਲ ਜੁੜੇ ਕੁੱਝ ਵਿਅਕਤੀਆਂ ਨੇ ਪਿੰਡ ਮਾਜਰੀਆਂ, ਜ਼ਿਲ੍ਹਾ ਮੁਹਾਲੀ ਦੀ ਜ਼ਮੀਨ ਦੇ ਤਕਸੀਮ ਦੇ ਇੰਤਕਾਲ ਮੌਕੇ ਮਾਲ ਅਧਿਕਾਰੀਆਂ ਨਾਲ ਮਿਲੀਭੁਗਤ ਰਾਹੀਂ ਮਾਲ ਰਿਕਾਰਡ ਵਿੱਚ ਹੇਰਾਫੇਰੀ ਕਰਕੇ ਖੇਵਟ ਨੰਬਰਾਂ ਵਿੱਚ ਮਲਕੀਅਤ ਤਬਦੀਲ ਕੀਤੀ ਗਈ ਅਤੇ ਗਲਤ ਮੁਖਤਿਆਰਨਾਮਿਆਂ ਰਾਹੀਂ ਆਮ ਲੋਕਾਂ ਦੇ ਨਾਮ ‘ਤੇ ਤਬਦੀਲ ਕਰ ਦਿੱਤੀ ਗਈ ਤਾਂ ਜੋ ਵੱਡਾ ਮੁਨਾਫ਼ਾ ਖੱਟਿਆ ਜਾ ਸਕੇ।
ਉਨਾਂ ਦੱਸਿਆ ਕਿ ਪਿੰਡ ਮਾਜਰੀਆਂ ਦੇ ਮਾਲ ਰਿਕਾਰਡ ਦੀ ਪੜਤਾਲ ਤੋਂ ਬਾਅਦ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, ਅਤੇ ਆਈ.ਪੀ.ਸੀ. ਦੀਆਂ ਧਾਰਾਵਾਂ 409, 420, 465, 467, 468, 471, 477-ਏ, 201, 120-ਬੀ ਤਹਿਤ ਥਾਣਾ ਵਿਜੀਲੈਸ ਬਿਊਰੋ, ਉਡਣ ਦਸਤਾ-1, ਪੰਜਾਬ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ ਜਿੰਨਾਂ ਵਿੱਚ ਦੋਸ਼ੀਆਂ ਵਜੋਂ ਵਰਿੰਦਰਪਾਲ ਸਿੰਘ ਧੂਤ ਨਾਇਬ ਤਹਿਸੀਲਦਾਰ, ਰੁਪਿੰਦਰ ਸਿੰਘ ਮਣਕੂ ਜੁਆਇੰਟ ਸਬ-ਰਜਿਸਟਰਾਰ, ਦੌਲਤ ਰਾਮ ਤੇ ਇਕਬਾਲ ਸਿੰਘ (ਦੋਵੇਂ ਮਾਲ ਪਟਵਾਰੀ), ਸ਼ਿਆਮ ਲਾਲ ਤੇ ਹੰਸ ਰਾਜ ਦੋਵੇਂ ਵਾਸੀ ਪਿੰਡ ਮਾਜਰੀਆਂ (ਪੱਤੀ ਗੂੜਾ) ਜਿਲਾ ਮੋਹਾਲੀ, ਰੱਬੀ ਸਿੰਘ ਵਾਸੀ ਪਿੰਡ ਕਰੋਰਾਂ, ਜ਼ਿਲ੍ਹਾ ਮੁਹਾਲੀ, ਧਰਮ ਪਾਲ ਵਾਸੀ ਅਮਲੋਹ ਜ਼ਿਲ੍ਹਾ ਫਹਿਤਗੜ੍ਹ ਸਾਹਿਬ, ਸੁੱਚਾ ਰਾਮ ਵਾਸੀ ਪਿੰਡ ਕੈਂਬਾਲਾ, ਯੂ.ਟੀ. ਚੰਡੀਗੜ, ਪਰਮਜੀਤ ਸਿੰਘ ਵਾਸੀ ਪਿੰਡ ਹਰਦਾਸਪੁਰਾ, ਜ਼ਿਲ੍ਹਾ ਪਟਿਆਲਾ, ਰਵਿੰਦਰ ਸਿੰਘ ਪਿੰਡ ਸੌਢਾ ਜ਼ਿਲ੍ਹਾ ਫਤਿਹਗੜ ਸਾਹਿਬ ਸ਼ਾਮਲ ਹਨ।
ਸ੍ਰੀ ਬੀ.ਕੇ. ਉੱਪਲ ਨੇ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਪਿੰਡ ਮਾਜਰੀਆਂ ਹਸਬਸਤ ਨੰਬਰ 343 ਦੇ ਮਾਲ ਰਿਕਾਰਡ ਦੀ ਜਮਾਬੰਦੀ ਸਾਲ 1983-1984 ਵਿੱਚ ਪਿੰਡ ਮਾਜਰੀਆਂ ਦੇ ਕੁੱਲ ਰਕਬੇ ਵਿੱਚੋਂ ਤਕਰੀਬਨ 29,000 ਕਨਾਲ ਜਮੀਨ ਸ਼ਾਮਲਾਤ ਦਰਸਾਈ ਗਈ ਸੀ। ਸਾਲ 1991 ਵਿੱਚ ਇਹ ਜਮੀਨ ਚੱਕਬੰਦੀ ਅਫਸਰ ਦੇ ਹੁਕਮਾਂ ਅਨੁਸਾਰ ਇੰਤਕਾਲ ਨੰਬਰ 2026 ਮਿਤੀ 07.05.1991 ਰਾਹੀਂ ਇਸ ਦੀ ਮਲਕੀਅਤ ਆਮ ਲੋਕਾਂ ਦੇ ਨਾਮ ਤੇ ਤਬਦੀਲ ਕੀਤੀ ਗਈ। ਇਸ ਜਮੀਨ ਵਿੱਚੋਂ 7113 ਕਨਾਲ ਰਕਬੇ ਦੀ ਤਕਸੀਮ ਇੰਤਕਾਲ ਨੰਬਰ 3159, ਮਿਤੀ 21.05.2004 ਰਾਹੀਂ ਕੀਤੀ ਜਾਣੀ ਪਾਈ ਗਈ ਹੈ। ਜਾਂਚ ਦੌਰਾਨ ਪਾਇਆ ਗਿਆ ਹੈ ਕਿ ਉਕਤ ਤਕਸੀਮ ਦੇ ਇੰਤਕਾਲ ਨੰਬਰ 3159 ਵਿੱਚ ਛੇੜਛਾੜ ਕਰਕੇ 14 ਵਿਅਕਤੀਆਂ ਦੇ ਨਾਮ ਫਰਜੀ ਦਰਜ ਕੀਤੇ ਅਤੇ ਉਹਨਾ ਦੇ ਨਾਵਾਂ ਉਪਰ ਤਕਰੀਬਨ 558 ਏਕੜ ਜਮੀਨ ਲਗਾਈ ਗਈ ਹੈ। ਅੱਗੋਂ ਇਸ ਜ਼ਮੀਨ ਨੂੰ ਸਾਲ 2010-11 ਵਿੱਚ ਪ੍ਰਾਪਰਟੀ ਡੀਲਰ ਅਤੇ ਭੂ-ਮਾਫੀਆਂ ਦਾ ਕੰਮ ਕਰਨ ਵਾਲੇ ਦੋਸ਼ੀ ਸ਼ਿਆਮ ਲਾਲ ਤੇ ਹੰਸਰਾਜ ਦੋਵੇਂ ਵਾਸੀ ਪਿੰਡ ਮਾਜਰੀਆਂ, (ਮੋਹਾਲੀ), ਸੁੱਚਾ ਰਾਮ ਵਾਸੀ ਕੈਂਬਵਾਲਾ (ਚੰਡੀਗੜ੍ਹ), ਰੱਬੀ ਸਿੰਘ ਵਾਸੀ ਪਿੰਡ ਕਰੋਰਾ, ਅਤੇ ਧਰਮਪਾਲ ਵਾਸੀ ਅਮਲੋਹ ਵੱਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ, ਜਿਹਨਾ ਵਿੱਚ ਇਕਬਾਲ ਸਿੰਘ ਪਟਵਾਰੀ, ਨਾਇਬ ਤਹਿਸੀਲਦਾਰ ਰੁਪਿੰਦਰ ਮਣਕੂ ਆਦਿ ਸ਼ਾਮਲ ਸਨ, ਦੀ ਮੱਦਦ ਨਾਲ ਸਾਲ 2010-2011 ਵਿੱਚ ਆਪਣੇ ਨਾਵਾਂ ਪਰ ਮੁਖਤਿਆਰੇ ਆਮ ਬਣਾਏ ਗਏ ਅਤੇ ਇਨਾਂ ਮੁਖਤਿਆਰਨਾਮਿਆਂ ਰਾਹੀਂ ਉਪਰੋਕਤ ਜ਼ਮੀਨ ਆਮ ਵਿਅਕਤੀਆਂ ਨੂੰ ਵੇਚ ਦਿੱਤੀ ਗਈ।
ਵਿਜੀਲੈਂਸ ਬਿਊਰੋ ਦੇ ਮੁਖੀ ਨੇ ਦੱਸਿਆ ਕਿ ਉਪਰੋਕਤ ਤੋ ਇਲਾਵਾ 43 ਵਿਅਕਤੀਆਂ ਦਾ ਫਰਜੀ ਤਕਸੀਮ ਕੇਸ ਤਿਆਰ ਕਰਕੇ ਉਸਦਾ ਫੈਸਲਾ ਦੌਲਤ ਰਾਮ ਪਟਵਾਰੀ, ਵਰਿੰਦਰਪਾਲ ਸਿੰਘ ਧੂਤ, ਨਾਇਬ ਤਹਿਸੀਲਦਾਰ ਅਤੇ ਪ੍ਰਾਪਰਟੀ ਡੀਲਰ ਅਤੇ ਭੂਮੀ ਮਾਫੀਆਂ ਸ਼ਿਆਮ ਲਾਲ ਵਾਸੀ ਗੂੜਾ ਮਾਜਰੀਆਂ ਦੀ ਮਿਲੀ ਭੁਗਤ ਨਾਲ ਮਿਤੀ 20.12.2017 ਨੂੰ ਮੰਨਜੂਰ ਕੀਤਾ ਜਾਣਾ ਪਾਇਆ ਗਿਆ ਹੈ। ਇਸ ਫਰਜੀ ਤਕਸੀਮ ਕੇਸ ਵਿੱਚ ਕਿਸੇ ਵੀ ਪਟੀਸ਼ਨਰ ਜਾਂ ਰਿਸਪੋਡੈਂਟ ਨੂੰ ਕੋਈ ਇਤਲਾਹ ਨਹੀਂ ਕਰਵਾਈ ਗਈ, ਨਾ ਹੀ ਕਿਸੇ ਵਕੀਲ ਦਾ ਵਕਾਲਤਨਾਮਾ ਨੱਥੀ ਕੀਤਾ ਗਿਆ ।
ਉਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਹੋਰ ਤਫ਼ਤੀਸ਼ ਜਾਰੀ ਹੈ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ।