ਗੁਰੂਗ੍ਰਾਮ— ਅੱਜ ਪੂਰਾ ਦੇਸ਼ ਕੋਰੋਨਾ ਆਫ਼ਤ ਨਾਲ ਜੂਝ ਰਿਹਾ ਹੈ। ਇਸ ਮਹਾਮਾਰੀ ਨੇ ਬੇਹੱਦ ਭਿਆਨਕ ਰੂਪ ਅਖ਼ਤਿਆਰ ਕਰ ਲਿਆ ਹੈ। ਕੋਰੋਨਾ ਦੀ ਦੂਜੀ ਲਹਿਰ ’ਚ ਆਕਸੀਜਨ ਨੂੰ ਲੈ ਕੇ ਵਧੇਰੇ ਹਾਹਾਕਾਰ ਮਚੀ ਹੋਈ ਹੈ। ਹਸਪਤਾਲਾਂ ਵਿਚ ਬੈੱਡਾਂ, ਆਕਸੀਜਨ ਦੀ ਘਾਟ ਹੈ। ਇਸ ਔਖੀ ਘੜੀ ਵਿਚ ਕਈ ਸੰਸਥਾਵਾਂ ਵੀ ਮਦਦ ਲਈ ਅੱਗੇ ਆ ਰਹੀਆਂ ਹਨ।
‘ਹੇਮਕੁੰਟ ਫਾਊਂਡੇਸ਼ਨ’ ਉਨ੍ਹਾਂ ’ਚੋਂ ਇਕ ਹੈ। ਇਹ ਫਾਊਂਡੇਸ਼ਨ ਮਿਸਾਲ ਬਣ ਰਹੀ ਹੈ, ਕਿਉਂਕਿ ਇੱਥੇ ਹਰ ਸਾਹ ਨੂੰ ਬਚਾਉਣ ਲਈ ਜਦੋ-ਜਹਿੱਦ ਕੀਤੀ ਜਾ ਰਹੀ ਹੈ। ਦਰਅਸਲ ਫੋਨ ਲਾਈਨ ’ਤੇ ਬੈਠੇ ਸਵੈ-ਸੇਵਕ ਹਰ ਘੰਟੇ 600 ਤੋਂ ਵਧੇਰੇ ਫੋਨ ਕਾਲ ਦਾ ਜਵਾਬ ਦੇ ਰਹੇ ਹਨ। ਸੰਸਥਾ ਦੇ ਬਾਹਰ ਆਕਸੀਜਨ ਦੀ ਉਡੀਕ ਕਰ ਰਹੇ ਲੋਕਾਂ ਨੂੰ ਮਦਦ ਪਹੁੰਚਾਈ ਜਾ ਰਹੀ ਹੈ।
ਮਦਦ ਲਈ ਰੋਜ਼ਾਨਾ ਆਉਂਦੇ ਹਨ 15 ਹਜ਼ਾਰ ਫੋਨ ਕਾਲ—
ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ਦੇ ਲੋਕਾਂ ਲਈ ਹੇਮਕੁੰਟ ਫਾਊਂਡੇਸ਼ਨ ਹੁਣ ਤੱਕ ਡੇਢ ਲੱਖ ਲੀਟਰ ਤੋਂ ਵਧੇਰੇ ਮੁਫ਼ਤ ਆਕਸੀਜਨ ਦੀ ਸਪਲਾਈ ਕਰ ਚੁੱਕਾ ਹੈ। ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਹੇਮਕੁੰਟ ਫਾਊਂਡੇਸ਼ਨ ’ਚ ਜਿੱਥੇ ਮਦਦ ਦੀ ਆਸ ’ਚ ਰੋਜ਼ਾਨਾ ਔਸਤਨ 100 ਫੋਨ ਕਾਲ ਆਉਂਦੀਆਂ ਸਨ। ਇਨ੍ਹੀਂ ਦਿਨੀਂ 24 ਘੰਟਿਆਂ ’ਚ 15,000 ਤੋਂ ਵਧੇਰੇ ਫੋਨ ਆ ਰਹੇ ਹਨ। ਇਸ ਫਾਊਂਡੇਸ਼ਨ ਦੇ ਕਮਿਊਨਿਟੀ ਡਿਵਲਪਮੈਂਟ ਡਾਇਰੈਕਟਰ ਹਰਤੀਰਥ ਸਿੰਘ ਆਹਲੂਵਾਲੀਆ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਆਰਥਿਕ ਮਦਦ ਕਰਨ ਦੀ ਅਪੀਲ ਕਰ ਰਹੇ ਹਨ। ਹਰਤੀਰਥ ਖ਼ੁਦ ਦੋ ਵਾਰ ਕੋਵਿਡ ਦਾ ਸ਼ਿਕਾਰ ਹੋ ਚੁੱਕੇ ਹਨ ਪਰ ਠੀਕ ਹੋ ਕੇ ਫਿਰ ਲੋਕਾਂ ਦੀ ਮਦਦ ਵਿਚ ਜੁੱਟੇ ਹਨ।
ਸਾਲ 2010 ’ਚ ਹੇਮਕੁੰਟ ਫਾਊਂਡੇਸ਼ਨ ਸ਼ੁਰੂ ਕੀਤਾ—
ਹਰਤੀਰਥ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਇਰਿੰਦਰ ਸਿੰਘ ਆਹਲੂਵਾਲੀਆ ਨੇ 2010 ਵਿਚ ਹੇਮਕੁੰਟ ਫਾਊਂਡੇਸ਼ਨ ਸ਼ੁਰੂ ਕੀਤਾ ਸੀ। ਇਸ ਫਾਊਂਡੇਸ਼ਨ ਦੀ ਸ਼ੁਰੂਆਤ ਦਿੱਲੀ ਵਿਚ ਤਿੰਨ ਮੁਫ਼ਤ ਸਕੂਲ ਸ਼ੁਰੂ ਕਰਨ ਤੋਂ ਕੀਤੀ ਸੀ ਪਰ 2013 ’ਚ ਉੱਤਰਾਖੰਡ ’ਚ ਆਈ ਤ੍ਰਾਸਦੀ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ।
ਸਾਲ 2013 ’ਚ ਇਰਿੰਦਰ ਸਿੰਘ ਪਰਿਵਾਰ ਨਾਲ ਉੱਤਰਾਖੰਡ ਦੇ ਹੇਮਕੁੰਟ ਸਾਹਿਬ ਗੁਰਦੁਆਰੇ ਵਿਚ ਮੱਥਾ ਟੇਕਣ ਗਏ ਸਨ। ਬੱਦਲ ਫਟਣ ਤੋਂ ਬਾਅਦ ਪੂਰਾ ਪਰਿਵਾਰ 7 ਦਿਨ ਫਸਿਆ ਰਿਹਾ। ਅੱਖਾਂ ਦੇ ਸਾਹਮਣੇ ਮੌਤ ਦਾ ਮੰਜ਼ਰ ਵੇਖਿਆ ਤਾਂ ਜ਼ਿੰਦਗੀ ਦਾ ਉਦੇਸ਼ ਮਿਲ ਗਿਆ। ਇਸ ਤੋਂ ਬਾਅਦ ਅਗਲੇ ਢਾਈ ਸਾਲਾਂ ਤੱਕ ਇਰਿੰਦਰ ਸਿੰਘ ਨੇ ਉੱਤਰਾਖੰਡ ਵਿਚ ਲੋਕਾਂ ਦੀ ਘਰ ਬਣਾਉਣ ’ਚ ਮਦਦ ਕੀਤੀ।