ਚੰਡੀਗੜ੍ਹ : ਬੇਅਦਬੀ ਮਾਮਲੇ ’ਚ ਪੰਜਾਬ ਸਰਕਾਰ ਦੀ ਕਿਰਕਿਰੀ ਹੋਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਿਰੰਦਰ ਸਿੰਘ ਖ਼ਿਲਾਫ਼ ਪਾਰਟੀ ਅੰਦਰੋਂ ਉੱਠ ਰਹੇ ਰੋਸ ਵਿਚਾਲੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸੂਤਰਾਂ ਮੁਤਾਬਕ ਇਸੇ ਦਾ ਨਤੀਜਾ ਹੈ ਕਿ ਬੀਤੇ ਦਿਨੀਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਗ੍ਰਹਿ ਵਿਖੇ ਸਾਂਸਦ ਪ੍ਰਤਾਪ ਸਿੰਘ ਬਾਜਵਾ, ਸਾਂਸਦ ਰਵਨੀਤ ਸਿੰਘ ਬਿੱਟੂ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਿਚਾਲੇ ਬੈਠਕ ਹੋਈ। ਇਸ ਬੈਠਕ ਵਿਚ ਬੇਅਦਬੀ ਕਾਂਡ ਅਤੇ ਹਾਈਕੋਰਟ ਦੇ ਫ਼ੈਸਲੇ ਨੂੰ ਲੈ ਕੇ ਚਰਚਾ ਕੀਤੀ ਗਈ।
ਉਧਰ ਮੰਤਰੀਆਂ ਅਤੇ ਸਾਂਸਦਾਂ ਵਿਚਾਲੇ ਹੋਈ ਇਸ ਬੈਠਕ ਨੂੰ ਲੈ ਕੇ ਕੈਪਟਨ ਖੇਮੇ ’ਚ ਖਲਬਲੀ ਮਚ ਗਈ ਹੈ। ਮੀਡੀਆ ’ਚ ਛਪੀਆਂ ਰਿਪੋਰਟਾਂ ਮੁਤਾਬਕ ਇਸ ਮੀਟਿੰਗ ਵਿਚ ਏ. ਜੀ. ਅਤੁਲ ਨੰਦਾ ਦੀ ਬੇਅਦਬੀ ਮਾਮਲੇ ਵਿਚ ਨਿਭਾਈ ਭੂਮਿਕਾ ਤੋਂ ਨਾਰਾਜ਼ਗੀ ਜਤਾਉਣ ਤੋਂ ਬਾਅਦ ਏ. ਜੀ. ਨੂੰ ਅਹੁਦੇ ਤੋਂ ਹਟਾਉਣ ਲਈ ਸਹਿਮਤੀ ਜਤਾਈ ਗਈ ਅਤੇ ਨਵੀਂ ਐੱਸ. ਆਈ. ਟੀ. ਨੂੰ ਰਿਪੋਰਟ ਇਕ ਮਹੀਨੇ ਵਿਚ ਸਬਮਿਟ ਕਰਨ ਦੀ ਮੰਗ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ’ਤੇ ਦਬਾਅ ਬਣਾਇਆ ਜਾਵੇ। ਉਧਰ ਬਾਅਦ ਵਿਚ ਬਾਜਵਾ ਨੇ ਆਖਿਆ ਕਿ ਉਂਝ ਤਾਂ ਅਸੀਂ ਵੈਸੇ ਹੀ ਇਕੱਠੇ ਹੋਏ ਸੀ ਪਰ ਇਸ ਇਕੱਠ ਨੇ ਮੀਟਿੰਗ ਦਾ ਰੂਪ ਲੈ ਲਿਆ। ਬਾਜਵਾ ਨੇ ਕਿਹਾ ਕਿ ਅਤੁਲ ਨੰਦਾ ਐੱਸ. ਆਈ. ਟੀ. ਦੇ ਸਬੂਤਾਂ ਨੂੰ ਅਦਾਲਤ ਵਿਚ ਠੋਸ ਢੰਗ ਨਾਲ ਪੇਸ਼ ਨਹੀਂ ਕਰ ਸਕੇ ਹਨ, ਇਸ ਲਈ ਕੈਪਟਨ ਨੂੰ ਉਨ੍ਹਾਂ ਖ਼ਿਲਾਫ਼ ਠੋਸ ਕਰਵਾਈ ਕਰਨੀ ਚਾਹੀਦੀ ਹੈ।
ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਹੋਰ ਮਾਮਲਿਆਂ ਵਿਚ ਵੀ ਏ. ਜੀ. ਕਰਕੇ ਸਰਕਾਰ ਦਾ ਪੱਖ ਕਮਜ਼ੋਰ ਹੋਇਆ ਹੈ। ਇਸ ਲਈ ਕੈਪਟਨ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਸੂਬੇ ਵਿਚ ਹੋ ਰਹੀ ਕਾਂਗਰਸ ਦੀ ਕਿਰਕਿਰੀ ਤੋਂ ਬਚਿਆ ਜਾ ਸਕੇ। ਇਸ ਦੇ ਉਲਟ ਰੰਧਾਵਾ ਨੇ ਇਸ ਮੀਟਿੰਗ ’ਤੇ ਕੋਈ ਟਿੱਪਣੀ ਨਹੀਂ ਕੀਤੀ।
ਰੰਧਾਵਾ ਨੇ ਅਸਤੀਫ਼ਾ ਦੇ ਕੇ ਜਤਾਈ ਸੀ ਨਰਾਜ਼ਗੀ
ਹਾਈਕੋਰਟ ਵਲੋਂ ਐੱਸ. ਆਈ. ਟੀ. ਨੂੰ ਰੱਦ ਕਰਨ ਦੇ ਫੈ਼ਸਲੇ ਤੋਂ ਸਰਕਾਰ ਤੋਂ ਨਾਰਾਜ਼ ਚੱਲ ਰਹੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੰਤਰੀ ਮੰਡਲ ਦੀ ਮੀਟਿੰਗ ਵਿਚ ਅਸਤੀਫ਼ਾ ਵੀ ਦੇ ਦਿੱਤਾ ਸੀ। ਰੰਧਾਵਾ ਦੀ ਨਾਰਾਜ਼ਗੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਿਹੜੇ ਰੰਧਾਵਾ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਬਿਆਨਬਾਜ਼ੀ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੰਦੇ ਰਹੇ ਹਨ, ਉਹ ਇਸ ਵਾਰ ਕੈਪਟਨ ਖ਼ਿਲਾਫ਼ ਬੋਲਣ ਵਾਲਿਆਂ ਦੇ ਨਾਲ ਆ ਖੜ੍ਹੇ ਹੋਏ ਹਨ।