ਬਿਊਰੋ, ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹਿਰੀ ਗ਼ਰੀਬਾਂ ਨੂੰ ਘਰ ਮੁਹੱਈਆ ਕਰਵਾਉਣ ਲਈ ਸਥਾਨਕ ਸਰਕਾਰਾਂ ਬਾਰੇ ਵਿਭਾਗ ਨੂੰ ‘ਬਸੇਰਾ’ ਸਕੀਮ ਤਹਿਤ ਕੰਮਾਂ ਵਿਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਹਨ ਤਾਂ ਜੋ ਸਤੰਬਰ ਤਕ ਝੁੱਗੀ ਝੌਪੜੀਂ ਵਾਲੇ 1000 ਘਰਾਂ ਨੂੰ ਮਾਲਕੀ ਹੱਕ ਮਿਲ ਜਾਣ।
ਵਿਭਾਗ ਦੇ ਕੰਮਾਂ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸੂਬਾਈ ਤੇ ਕੇਂਦਰੀ ਸਕੀਮਾਂ ਤਹਿਤ ਸਾਰੇ ਵੱਡੇ ਪ੍ਰਰਾਜੈਕਟਾਂ ਵਿਚ ਤੇਜ਼ੀ ਲਿਆਉਣ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ‘ਬਸੇਰਾ’ ਸਕੀਮ ਅਧੀਨ 196 ਝੁੱਗੀਆਂ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ ਅਤੇ 25,850 ਘਰਾਂ ਦਾ ਸਰਵੇ ਕੀਤਾ ਗਿਆ ਹੈ, ਮੁੱਖ ਮੰਤਰੀ ਨੇ ਅਗਲੇ ਚਾਰ ਮਹੀਨਿਆਂ ਵਿਚ 1000 ਘਰਾਂ ਨੂੰ ਮਾਲਕੀ ਹੱਕ ਦੇਣ ਦੇ ਕੰਮ ਨੂੰ ਫੌਰੀ ਮੁਕੰਮਲ ਕਰਨ ਲਈ ਆਖਿਆ। ਉਨ੍ਹਾਂ ਨੇ ਵਿਭਾਗ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪ੍ਰਵਾਨਤ ਕੀਤੇ ਸਾਰੇ 97598 ਘਰਾਂ ਨੂੰ ਮੁਕੰਮਲ ਕਰਨਾ ਯਕੀਨੀ ਬਣਾਉਣ ਲਈ ਆਖਿਆ।
ਅਮਰੁਤ, ਸਮਾਰਟ ਸਿਟੀ ਅਤੇ ਕੁਝ ਹੋਰ ਸਕੀਮਾਂ ਤਹਿਤ ਮੁੱਖ ਮੰਤਰੀ ਨੇ ਸਬੰਧਤ ਪ੍ਰਰਾਜੈਕਟ ਛੇਤੀ ਪੂਰਾ ਕਰਨ ਦੀ ਲੋੜ ਉੱਤੇ ਜੋਰ ਦਿੱਤਾ ਜਦਕਿ ਨਵੇਂ ਪ੍ਰਵਾਨਤ ਕਾਰਜ ਤਰਜੀਹ ਦੇ ਅਧਾਰ ਉਤੇ ਸ਼ੁਰੂ ਕਰਨ ਲਈ ਫੌਰੀ ਕਦਮ ਚੁੱਕਣ ਦੀ ਲੋੜ ‘ਤੇ ਜ਼ੋਰ ਦਿੱਤਾ। ਬੁੱਢਾ ਨਾਲਾ ਸਕੀਮ ਨੂੰ ਸੂਬੇ ਲਈ ਮੁੱਖ ਪ੍ਰਰਾਜੈਕਟ ਦੱਸਦਿਆਂ ਮੁੱਖ ਮੰਤਰੀ ਨੇ ਇਸ ਨੂੰ ਸਮੇਂ ਸਿਰ ਪੂਰਾ ਕਰਨ ਨੂੰ ਯਕੀਨੀ ਬਣਾਉਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਵਿਭਾਗ ਨੂੰ ਦਸੰਬਰ ਤਕ ਇਸ ਵੱਖ-ਵੱਖ ਪੜਾਆਂ ਵਿਚ ਪੂਰਾ ਕਰਨ ਲਈ ਆਖਿਆ। ਮੁੱਖ ਮੰਤਰੀ ਨੇ ਸਵੱਛ ਭਾਰਤ ਮਿਸ਼ਨ ਦੇ ਤਹਿਤ ਸਾਫ-ਸਫਾਈ ਤੇ ਡੋਰ-ਟੂ-ਡੋਰ ਕੁਲੈਕਸ਼ਨ ਦੇ ਰੂਪ ਵਿਚ ਪੰਜਾਬ ਨੂੰ ਸਿਖਰਲੇ ਸੂਬਿਆਂ ਵਿਚ ਸ਼ੁਮਾਰ ਕਰਨ ਦੀ ਮਹੱਤਤਾ ਨੂੰ ਦਰਸਾਉਂਦਿਆਂ ਵਿਭਾਗ ਨੂੰ ਨਹਿਰੀ ਪਾਣੀ ਉੱਤੇ ਅਧਾਰਤ ਪ੍ਰਰਾਜੈਕਟਾਂ ਵਿਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ। ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਹਮ ਮਹਿੰਦਰਾ ਨੇ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਵੱਖ ਵੱਖ ਪ੍ਰਾਜੈਕਟਾਂ ਦੀ ਪ੍ਰਗਤੀ ਬਾਰੇ ਜਾਣੂੰ ਕਰਵਾਇਆ। ਸਥਾਨਕ ਸਰਕਾਰਾਂ ਦੇ ਪ੍ਰਮੁੱਖ ਸਕੱਤਰ ਅਜੋਏ ਕੁਮਾਰ ਸਿਨ੍ਹਾ ਨੇ ਰਾਜ ਵਿਚ ਚੱਲ ਰਹੀਆਂ ਯੋਜਨਾਵਾਂ ਬਾਰੇ ਪੇਸ਼ਕਾਰੀ ਦਿੱਤੀ।