ਬਠਿੰਡਾ : ਬਠਿੰਡਾ ਜ਼ਿਲ੍ਹੇ ਦੇ ਪਿੰਡ ਬਾਠ ਵਿਚ ਇਕ ਵਿਧਵਾ ਜਨਾਨੀ ਨੂੰ ਬਲੈਕਮੇਲ ਕਰਕੇ ਜਬਰ-ਜ਼ਿਨਾਹ ਕਰਨ ਦੇ ਮਾਮਲੇ ’ਚ ਜ਼ਿਲ੍ਹਾ ਪੁਲਸ ਦੇ ਉੱਚ ਅਧਿਕਾਰੀਆਂ ਨੇ ਸੀ. ਆਈ. ਏ. ਸਟਾਫ ਵਨ ’ਚ ਤਾਇਨਾਤ ਏ. ਐਸ. ਆਈ. ਗੁਰਵਿੰਦਰ ਸਿੰਘ ਨੂੰ ਬਰਖਾਸਤ ਕਰ ਦਿੱਤਾ ਹੈ। ਐੱਸ. ਐੱਸ. ਪੀ. ਬਠਿੰਡਾ ਭੁਪਿੰਦਰ ਅਜੀਤ ਸਿੰਘ ਵਿਰਕ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਏ. ਐੱਸ. ਆਈ. ਨੂੰ ਬਰਖਾਸਤ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਐੱਸ. ਐੱਸ. ਪੀ. ਨੇ ਦੱਸਿਆ ਕਿ ਬਠਿੰਡਾ ਸੀ. ਆਈ. ਏ. ਸਟਾਫ ਦੇ ਏ. ਐੱਸ. ਆਈ. ਗੁਰਵਿੰਦਰ ਸਿੰਘ ਦੀ ਸ਼ਰਮਨਾਕ ਹਰਕਤ ਸਾਹਮਣੇ ਆਉਣ ਤੋਂ ਬਾਅਦ ਉਸ ਖ਼ਿਲਾਫ਼ 376 ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੀੜਤ ਵਿਧਵਾ ਦੇ ਪੁੱਤਰ ’ਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਹੈ, ਉਸ ਦੀ ਜਾਂਚ ਲਈ ਐੱਸ. ਆਈ. ਟੀ. ਗਠਿਤ ਕੀਤੀ ਗਈ ਹੈ, ਜੋ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇਗੀ, ਜੇਕਰ ਮਾਮਲੇ ਵਿਚ ਮੁਲਜ਼ਮ ਪੁਲਸ ਮੁਲਾਜ਼ਮ ਹੋਰ ਦੋਸ਼ੀ ਪਾਇਆ ਗਿਆ ਤਾਂ ਉਕਤ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕੀ ਕਹਿਣਾ ਹੈ ਪੀੜਤਾ ਦਾ
ਉਧਰ ਸਾਰਾ ਮਾਮਲਾ ਉਜਾਗਰ ਹੋਣ ਤੋਂ ਬਾਅਦ ਅੱਜ ਪੁਲਸ ਪੀੜਤ ਵਿਧਵਾ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਬਠਿੰਡਾ ਲੈ ਕੇ ਆਈ। ਇਸ ਦੌਰਾਨ ਪੱਤਰਕਾਰਾਂ ਨੂੰ ਹੱਡ-ਬੀਤੀ ਦੱਸਦਿਆਂ ਉਸ ਨੇ ਕਿਹਾ ਕਿ ਏ. ਐੱਸ. ਆਈ. ਨੇ ਉਸ ਨੂੰ ਧਮਕੀਆਂ ਦਿੱਤੀਆਂ ਸਨ ਕਿ ਉਹ ਉਸ ਦੇ ਲੜਕੇ ਖ਼ਿਲਾਫ਼ ਅਜਿਹਾ ਮੁਕੱਦਮਾ ਦਰਜ ਕਰੇਗਾ ਕਿ ਉਸ ਨੇ ਦਸ ਸਾਲ ਜੇਲ੍ਹ ’ਚੋਂ ਨਹੀਂ ਨਿਕਲਣਾ। ਉਨ੍ਹਾਂ ਦੱਸਿਆ ਕਿ ਛੇ ਤਰੀਕ ਨੂੰ ਮੇਰੇ ਪੁੱਤਰ ਨੂੰ ਘਰੋਂ ਚੁੱਕ ਲਿਆ ਗਿਆ ਅਤੇ ਘਰੋਂ 50-60 ਹਜ਼ਾਰ ਰੁਪਏ ਵੀ ਚੁੱਕ ਲਏ ਗਏ।
ਉਸ ਨੇ ਦੱਸਿਆ ਕਿ ਜਦੋਂ ਉਹ ਸੀ. ਆਈ. ਏ. ਸਟਾਫ ਗਈ ਤਾਂ ਉਸ ਕੋਲੋਂ ਦੋ ਲੱਖ ਰੁਪਏ ਦੀ ਮੰਗ ਕੀਤੀ ਤਾਂ ਉਸ ਨੇ ਕੁੱਝ ਪੈਸੇ ਆਪਣੀ ਭੈਣ ਤੋਂ ਲਏ ਅਤੇ ਕੁੱਝ ਫਾਇਨਾਂਸ ਕੰਪਨੀ ਤੋਂ ਲੈ ਕੇ ਦਿੱਤੇ। ਉਨ੍ਹਾਂ ਦੱਸਿਆ ਕਿ ਉਹ ਆਪਣੇ ਪੁੱਤਰ ਜਿਸ ਕਰਕੇ ਮਜਬੂਰ ਹੋਈ ਹੈ। ਉਸ ਨੇ ਦੱਸਿਆ ਕਿ ਉਹ ਰਾਤ ਨੂੰ 11 ਵਜੇ ਘਰ ਧੱਕੇ ਨਾਲ ਆਇਆ ਸੀ। ਵਿਧਵਾ ਔਰਤ ਨੇ ਦੱਸਿਆ ਕਿ ਉਸ ਨੇ ਜਾਣ ਬੁੱਝ ਕੇ ਉਸ ਦੇ ਪੁੱਤਰ ਨੂੰ ਫਸਾਇਆ ਹੈ।