ਬਠਿੰਡਾ : ਕੋਰੋਨਾ ਮਹਾਮਾਰੀ ਦੇ ਪ੍ਰਕੋਪ ਦੌਰਾਨ ਸਿਹਤ ਵਿਭਾਗ ‘ਚ ਡਾਕਟਰਾਂ ਤੇ ਹੋਰ ਮੈਡੀਕਲ ਸਟਾਫ ਦੀ ਘਾਟ ਨੂੰ ਪੂਰਾ ਕਰਨ ਲਈ ਹੁਣ ਏਮਜ਼ ਬਠਿੰਡਾ ਦਾ ਸਟਾਫ ਸੂਬੇ ਦੇ ਚਾਰ ਮੈਡੀਕਲ ਕਾਲਜਾਂ ਤੇ ਸਿਵਲ ਹਸਪਤਾਲ ਬਠਿੰਡਾ ‘ਚ ਆਪਣੀਆਂ ਸੇਵਾਵਾਂ ਦੇਵੇਗਾ। ਏਮਜ਼ ਨੇ ਮੈਡੀਕਲ ਕਾਲਜਾਂ ਤੇ ਹਸਪਤਾਲਾਂ ‘ਚ ਆਪਣਾ ਕਰੀਬ 200 ਮੁਲਾਜ਼ਮਾਂ ਦਾ ਸਟਾਫ ਭੇਜਿਆ ਹੈ। ਏਮਜ਼ ਦਾ ਇਹ ਮੈਡੀਕਲ ਸਟਾਫ ਮੈਡੀਕਲ ਕਾਲਜਾਂ ਅੰਮ੍ਰਿਤਸਰ, ਫਰੀਦਕੋਟ, ਪਟਿਆਲਾ, ਮੋਹਾਲੀ ਤੇ ਸਿਵਲ ਹਸਪਤਾਲ ਬਠਿੰਡਾ ਵਿਖੇ ਕੋਰੋਨਾ ਮਰੀਜ਼ਾਂ ਲਈ ਆਪਣੀਆਂ ਸੇਵਾਵਾਂ ਦੇਵੇਗਾ।
ਕੋਵਿਡ -19 ਮਹਾਂਮਾਰੀ ਦੇ ਮੌਜੂਦਾ ਦ੍ਰਿਸ਼ ਵਿਚ ਸਿਹਤ ਮੁਲਾਜ਼ਮਾਂ ਦੀ ਸਭ ਤੋਂ ਵੱਧ ਤਰਜੀਹ ਲੋੜੀਂਦੀ ਹੈ, ਇਸ ਲਈ ਏਮਜ਼ ਬਠਿੰਡਾ ਨੇ ਸੀਈਓ ਅਤੇ ਡਾਇਰੈਕਟਰ ਪ੍ਰੋ. ਡਾ. ਡੀਕੇ. ਸਿੰਘ ਤੇ ਮੈਡੀਕਲ ਸੁਪਰਡੈਂਟ ਕਰਨਲ ਡਾ. ਸਤੀਸ਼ ਗੁਪਤਾ ਦੀ ਰਹਿਨੁਮਾਈ ਹੇਠ ਰਾਜ ਸਰਕਾਰ ਦੇ ਮੈਡੀਕਲ ਕਾਲਜਾਂ ਅੰਮ੍ਰਿਤਸਰ, ਫ਼ਰੀਦਕੋਟ, ਪਟਿਆਲਾ, ਮੋਹਾਲੀ ਤੇ ਸਿਵਲ ਹਸਪਤਾਲ ਬਠਿੰਡਾ ਵਿਖੇ 200 ਤੋਂ ਵੱਧ ਸਟਾਫ ਭੇਜਿਆ ਗਿਆ ਹੈ। ਇਹ ਸਟਾਫ ਇਨ੍ਹਾਂ ਕੇਂਦਰਾਂ ‘ਚ ਦਾਖ਼ਲ ਤੇ ਇਲਾਜ ਕੀਤੇ ਜਾ ਰਹੇ ਮਰੀਜ਼ਾਂ ਦੀ ਦੇਖਭਾਲ ਵਿਚ ਸਹਾਇਤਾ ਕਰੇਗੀ। ਮੁਲਾਜ਼ਮਾਂ ਨੂੰ ਦੋ ਪੜਾਵਾਂ ‘ਚ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ। ਇਕ ਬੈਚ ਸੋਮਵਾਰ ਨੂੰ ਮੋਹਾਲੀ ਤੇ ਪਟਿਆਲਾ ਅਤੇ ਦੂਸਰਾ ਬੈਚ ਮੰਗਲਵਾਰ ਨੂੰ ਅੰਮ੍ਰਿਤਸਰ ਤੇ ਫਰੀਦਕੋਟ ਲਈ ਰਵਾਨਾ ਕੀਤਾ ਗਿਆ। ਮੈਡੀਕਲ ਸੁਪਰਡੈਂਟ ਨੇ ਅੱਗੇ ਕਿਹਾ ਕਿ ਇਹ ਸੰਸਥਾ ਲੋਕਾਂ ਦੀਆਂ ਡਾਕਟਰੀ ਜ਼ਰੂਰਤਾਂ ਦੀ ਸੇਵਾ ਲਈ ਸਮਰਪਿਤ ਹੈ ਅਤੇ ਅਸੀਂ ਮਨੁੱਖਤਾ ਦੀ ਸੇਵਾ ਲਈ ਆਪਣੇ ਆਪ ਨੂੰ ਸਮਰਪਿਤ ਕਰਦੇ ਹਾਂ। ਨਿਰਦੇਸ਼ਕ ਪ੍ਰੋ. ਡਾ. ਡੀ.ਕੇ. ਸਿੰਘ ਨੇ ਕਿਹਾ ਕਿ ਏਮਜ਼, ਬਠਿੰਡਾ ਸੀਮਿਤ ਢਾਂਚੇ ਨਾਲ ਖੇਤਰ ਤੇ ਗੁਆਂਢੀ ਸੂਬਿਆਂ ਦੇ ਲੋਕਾਂ ਲਈ ਉੱਤਮ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।