ਬਰਨਾਲਾ ( ਜਸਵੀਰ ਔਲਖ) : ਸਥਾਨਕ ਸਰਕਾਰਾਂ ਵਿਭਾਗ ਦੇ ਮੁੱਖ ਸਕੱਤਰ ਏਕੇ ਸਿਨਹਾ ਆਈਏਐੱਸ ਦੇ ਸੁਪਰਡੈਂਟ ਅਮਲੇ ਦੇ ਦਸਤਖ਼ਤਾਂ ਹੇਠ ਫ਼ਰਜ਼ੀ ਬਿਲਾਂ ਦੇ ਅਧਾਰ ‘ਤੇ ਨਗਰ ਕੌਂਸਲ ਦੇ ਫੰਡਾਂ ਵਿੱਚੋਂ ਲੱਖਾਂ ਰੁਪਏ ਦਾ ਚੂਨਾ ਲਾਉਣ ਦੇ ਮਾਮਲੇ ਵਿਚ ਨਗਰ ਕੌਂਸਲ ਦੇ ਸਾਬਕਾ ਏਐੱਮਈ ਦਮਨ ਦਵਿੰਦਰ ਸਿੰਘ ਤੇ ਜੇਈ ਮੇਜਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਬਾਰੇ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਪੰਜਾਬ ਮਿਉਂਸਪਲ ਭਵਨ ਚੰਡੀਗੜ੍ਹ ਦੇ ਅਮਲ ਸ਼ਾਖਾ ਵੱਲੋਂ ਜਾਰੀ ਕੀਤੇ ਹੁਕਮਾਂ ਤਹਿਤ ਕਾਪੀ ਕਾਰਜ ਸਾਧਕ ਅਫ਼ਸਰ ਬਰਨਾਲਾ ਨੂੰ ਭੇਜ ਦਿੱਤੀ ਗਈ ਹੈ। ਇਸ ਵਿਚ ਦਮਨ ਦਵਿੰਦਰ ਸਿੰਘ ਸਹਾਇਕ ਮਿਉਂਸਪਲ ਇੰਜੀਨੀਅਰ ਨਗਰ ਕੌਂਸਲ ਬਰਨਾਲਾ ਹਾਲ ਅਬਾਦ ਜ਼ੀਰਕਪੁਰ ਤੇ ਮੇਜਰ ਸਿੰਘ ਜੇਈ ਨਗਰ ਕੌਂਸਲ ਬਰਨਾਲਾ ਨੂੰ ਨੌਕਰੀ ਤੋਂ ਮੁਅੱਤਲ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬਰਨਾਲਾ-ਸੰਗਰੂਰ ਮੁੱਖ ਰੋਡ ਨੂੰ ਜੋੜਨ ਵਾਲੀ ਕਰੀਬ 3.11 ਕਿਲੋਮੀਟਰ ਲੰਬੀ ਗਰਚਾ ਰੋਡ ਦੇ ਸੀਵਰੇਜ ਬੋਰਡ ਵੱਲੋਂ ਤਿਆਰ ਕੀਤੇ ਕੁਝ ਹਿੱਸੇ ਦੀ ਕਰੀਬ 8-10 ਲੱਖ ਰੁਪਏ ਦੀ ਠੇਕੇਦਾਰ ਨੂੰ ਕੀਤੀ ਗਈ ਅਦਾਇਗੀ ਇਨ੍ਹਾਂ ਅਧਿਕਾਰੀਆਂ ਨੂੰ ਮਹਿੰਗੀ ਪੈ ਗਈ ਹੈ। ਇਸ ਲੱਖਾਂ ਰੁਪਏ ਦੇ ਘਪਲੇ ਦੀ ਜਾਂਚ ਸਥਾਨਕ ਸਰਕਾਰਾਂ ਵਿਭਾਗ ਦੇ ਵਿਜੀਲੈਂਸ ਵਿੰਗ ਨੇ ਕੀਤੀ ਸੀ।
ਇਹ ਸੀ ਮਾਮਲਾ:-
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਬਰਨਾਲਾ-ਹੰਡਿਆਇਆ ਮੁੱਖ ਸੜਕ ਤੋਂ ਰਿਜ਼ੋਰਟ ਦੇ ਸਾਹਮਣਿਓ ਸੰਗਰੂਰ-ਬਰਨਾਲਾ ਨੂੰ ਜੋੜਣ ਵਾਲੀ ਗਰਚਾ ਰੋਡ ‘ਤੇ ਸੀਵਰੇਜ ਬੋਰਡ ਵੱਲੋਂ ਸੀਵਰੇਜ ਪਾਇਆ ਸੀ। ਸੜਕ ਮੁੜ ਬਣਾਉਣ ਲਈ ਪ੍ਰਰੀਮਿਕਸ ਪਾਇਆ ਗਿਆ। ਸੜਕ ਦੇ ਬਹੁਤੇ ਹਿੱਸੇ ‘ਤੇ ਪ੍ਰੀਮਿਕਸ ਨਗਰ ਕੌਂਸਲ ਵੱਲੋਂ ਤੇ ਸੀਵਰੇਜ ਬੋਰਡ ਨੇ 820.52 ਮੀਟਰ ਸੜਕ ‘ਤੇ ਪ੍ਰਰੀਮਿਕਸ ਪਾਇਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਸੀਵਰੇਜ ਬੋਰਡ ਵੱਲੋਂ ਬਣਾਈ ਗਈ ਇਸ 820.52 ਮੀਟਰ ਭਾਵ ਕਰੀਬ ਪੌਣਾ ਕਿਲੋਮੀਟਰ ਗਰਚਾ ਰੋਡ ਨਗਰ ਕੌਂਸਲ ਅਧਿਕਾਰੀਆਂ ਨੇ ਕੌਂਸਲ ਦੀ ਸੜਕ ਬਣਾਉਣ ਵਾਲੇ ਠੇਕੇਦਾਰ ਨੂੰ ਲੱਖਾਂ ਰੁਪਏ ਦਿੱਤੇ ਜਦਕਿ ਬਿਨਾਂ ਕੰਮ ਕੀਤਿਆਂ ਨਿਯਮਾਂ ਤੋਂ ਉਲਟ ਅਦਾਇਗੀ ਕੀਤੀ ਗਈ ਹੈ।