ਲਹਿਰਾਗਾਗਾ – ਬੇਸ਼ੱਕ ਸਰਕਾਰ ਵੱਲੋਂ ਸੂਬੇ ਦੇ ਹਰ ਵਰਗ ਦੇ ਗਰੀਬ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਦਾਅਵੇ ਤੇ ਵਾਅਦੇ ਕੀਤੇ ਜਾ ਰਹੇ ਹਨ ਪਰ ਲਹਿਰਾਗਾਗਾ ਵਿਖੇ ਇਕ ਅਗਰਵਾਲ ਪਰਿਵਾਰ ਦੀ 13 ਸਾਲਾ ਲੜਕੀ ਵੱਲੋਂ ਖ਼ੁਦ ਲਿਫਾਫੇ ਬਣਾ ਤੇ ਵੇਚ ਕੇ ਆਪਣਾ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਸਰਕਾਰ ਦੇ ਦਾਅਵਿਆਂ ਤੇ ਵਾਅਦਿਆਂ ’ਤੇ ਪ੍ਰਸ਼ਨ ਚਿੰਨ੍ਹ ਹੀ ਨਹੀਂ ਲਾਉਂਦਾ ਬਲਕਿ ‘‘ਸ਼ੇਮ ਟੂ ਸਰਕਾਰ ਕਹਿੰਦਾ ਹੈ’’।
ਅੱਜ ਬਾਜ਼ਾਰ ’ਚ ਦੇਖਿਆ ਕਿ ਇਕ ਰਾਧਾ ਨਾਂ ਦੀ ਛੋਟੀ ਜਿਹੀ ਲੜਕੀ ਆਪਣੇ ਸਾਈਕਲ ’ਤੇ ਸਾਮਾਨ ਲੱਦ ਕੇ ਅਤੇ ਮੋਢੇ ’ਤੇ ਭਾਰੀ ਬੈਗ ਲੱਦੀ ਬਾਜ਼ਾਰਾਂ ’ਚ ਰੇਹੜੀਆਂ ਅਤੇ ਦੁਕਾਨਾਂ ’ਤੇ ਲਿਫ਼ਾਫ਼ੇ ਵੇਚ ਰਹੀ ਸੀ, ਜੋ ਕਿ ਸਰਕਾਰ ਲਈ ਸ਼ਰਮ ਵਾਲੀ ਗੱਲ ਹੈ। ਲੜਕੀ ਦੀਆਂ ਬਾਜ਼ਾਰ ’ਚ ਸਾਰੀ ਗਤੀਵਿਧੀਆਂ ਦੇਖਣ ਉਪਰੰਤ ਜਦੋਂ ਉਸ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਨਮ ਅੱਖਾਂ ਨਾਲ ਕਿਹਾ ਕਿ ਪਰਿਵਾਰ ’ਚ ਕਮਾਈ ਦਾ ਕੋਈ ਸਾਧਨ ਨਹੀਂ, ਮੇਰੇ ਪਾਪਾ ਬੀਮਾਰ ਰਹਿੰਦੇ ਹਨ ,ਹਜ਼ਾਰ ਰੁਪਏ ਮਹੀਨੇ ਦੀ ਦਵਾਈ ਆਉਂਦੀ ਹੈ ਅਤੇ ਇਸ ਤੋਂ ਇਲਾਵਾ ਘਰ ’ਚ ਦਾਦੀ, ਵੱਡੀ ਭੈਣ ਤੇ ਛੋਟਾ ਭਰਾ ਦਾ ਖ਼ਰਚ ਉਠਾਉਣ ਲਈ ਉਹੋ ਦਿਨ ’ਚ ਅਖਬਾਰਾਂ ਦੀ ਰੱਦੀ ਦੇ ਲਿਫਾਫੇ ਬਣਾ ਕੇ ਵੇਚਦੀ ਹੈ ਤੇ ਰਾਤ ਨੂੰ ਕੁਝ ਸਮੇਂ ਲਈ ਪੜ੍ਹਦੀ ਹੈ । ਆਪਣੇ ਬੀਮਾਰ ਪਿਤਾ ਅਤੇ ਪਰਿਵਾਰ ਲਈ ਦਿਨ-ਰਾਤ ਮਿਹਨਤ ਕਰੇਗੀ, ਮੈਂ ਪੜ੍ਹਨਾ ਤਾਂ ਚਾਹੁੰਦੀ ਹਾਂ ਪਰ ਘਰ ਦੀ ਮਜਬੂਰੀ ਮੈਨੂੰ ਪੜ੍ਹਨ ਨਹੀਂ ਦਿੰਦੀ।
ਉਸਨੇ ਕਿਹਾ ਕਿ ਜੇਕਰ ਸਰਕਾਰ ਮੇਰੇ ਪਿਤਾ ਦੀ ਦਵਾਈ ਦਾ ਪ੍ਰਬੰਧ ਕਰਦੀ ਹੈ ਅਤੇ ਸਾਨੂੰ ਆਰਥਿਕ ਮਦਦ ਦਿੰਦੀ ਹੈ ਤਾਂ ਉਹ ਲਿਫਾਫੇ ਵੇਚਣ ਦੀ ਬਜਾਏ ਆਪਣੀ ਪੜ੍ਹਾਈ ਵੱਲ ਧਿਆਨ ਦੇਵੇਗੀ । ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ ਪੜ੍ਹਾਈ ਛੱਡ ਕੇ ਕਮਾਈ ਵੱਲ ਧਿਆਨ ਦੇਵੇਗੀ ਤਾਂ ਜੋ ਆਪਣੇ ਪਿਤਾ ਦੀ ਦਵਾਈ ਅਤੇ ਪਰਿਵਾਰ ਦੇ ਖਰਚੇ ਦਾ ਪ੍ਰਬੰਧ ਕਰ ਸਕੇ ।