ਗੁਰਦਾਸਪੁਰ : ਗੁਰਦਾਸਪੁਰ ਇਲਾਕੇ ਅੰਦਰ ਆਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਵਧ ਰਿਹਾ ਹੈ, ਜਿਸ ਦੇ ਚਲਦਿਆਂ ਪਿੰਡ ਗੁਰਦਾਸਨੰਗਲ ’ਚ 2 ਆਵਾਰਾ ਕੁੱਤੇ ਨੇ 2 ਬੱਚਿਆਂ ਅਤੇ ਇਕ ਕੁੜੀ ਸਮੇਤ ਚਾਰ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਨੋਚ ਲਿਆ। ਜਾਣਕਾਰੀ ਦਿੰਦੇ ਹੋਏ ਪਿੰਡ ਗੁਰਦਾਸਨੰਗਲ ਦੇ ਵਸਨੀਕ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਜਸ਼ਨ ਅਤੇ ਭੁਪਿੰਦਰ ਸਿੰਘ ਦੀ ਬੇਟੀ ਹਰਗੁਨ (3 ਸਾਲ) ਗਲੀ ’ਚ ਖੇਡ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੂੰ ਅਚਾਨਕ ਬੱਚਿਆਂ ਦੇ ਰੋਣ ਦੀ ਆਵਾਜ਼ ਆਈ ਤਾਂ ਉਨ੍ਹਾਂ ਬਾਹਰ ਆ ਕੇ ਦੇਖਿਆ ਤਾਂ ਇੱਕ ਕੁੱਤਾ ਉਨ੍ਹਾਂ ਦੇ ਬੱਚਿਆਂ ਨੂੰ ਨੋਚ ਰਿਹਾ ਸੀ।
ਜਦੋਂ ਭੁਪਿੰਦਰ ਨੇ ਬੱਚਿਆਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਕੁੱਤੇ ਨੇ ਭੁਪਿੰਦਰ ਨੂੰ ਵੀ ਕੱਟ ਲਿਆ। ਇਸੇ ਤਰ੍ਹਾਂ ਪਿੰਡ ’ਚ ਮਮਤਾ ਪੁੱਤਰੀ ਹਰਪਾਲ ਸਿੰਘ ਵਾਸੀ ਗੁਰਦਾਸਨੰਗਲ ਨੂੰ ਵੀ ਕੁੱਤੇ ਵੱਲੋਂ ਕੱਟਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ ਵੀ 10-12 ਲੋਕਾਂ ਨੂੰ ਕੁੱਤਿਆਂ ਵੱਲੋਂ ਕੱਟਿਆ ਗਿਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਆਵਾਰਾ ਕੁੱਤਿਆ ਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ।